ਸ਼ਮਸ਼ੇਰ ਸਿੰਘ ਨੇ ਚੰਡੀਗੜ੍ਹ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ।
Beant Singh assassination case: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਸ਼ਰਤੀਆ ਜ਼ਮਾਨਤ ਰੱਦ ਹੋਣ ਤੋਂ ਬਾਅਦ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਚੰਡੀਗੜ੍ਹ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ।
ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਸ਼ਮਸ਼ੇਰ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪਿਛਲੇ ਵਰ੍ਹੇ ਜੂਨ ’ਚ ਸ਼ਮਸ਼ੇਰ ਸਿੰਘ ਨੇ ਸਥਾਨਕ ਅਦਾਲਤ ਤਕ ਪਹੁੰਚ ਕਰ ਕੇ ਜ਼ਮਾਨਤੀ ਰਿਹਾਈ ਮੰਗੀ ਸੀ ਕਿਉਂਕਿ ਤਦ ਤਕ ਚੰਡੀਗੜ੍ਹ ਪ੍ਰਸ਼ਾਸਨ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਸੀ।
ਫਿਰ 20 ਸਤੰਬਰ ਨੂੰ ਸ਼ਮਸ਼ੇਰ ਸਿੰਘ ਦੀ ਜ਼ਮਾਨਤ ਅਰਜ਼ੀ ਦੋ ਲੱਖ ਰੁਪਏ ਦੇ ਮੁਚਲਕੇ ’ਤੇ ਪ੍ਰਵਾਨ ਕਰ ਲਈ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਹੁਕਮ ਰਾਹੀਂ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਨਿਯਮਤ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਮੁਕੰਮਲ ਹੋ ਚੁਕੀ ਹੈ ਪਰ ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਫ਼ੈਸਲਾ ਲੈਣਾ ਹਾਲੇ ਬਾਕੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਮਸ਼ੇਰ ਸ਼ਮਸ਼ੇਰ ਸਿੰਘ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀ ਬੇਨਤੀ ਨਾਮਨਜ਼ੂਰ ਕਰ ਦਿਤੀ ਸੀ। ਉਸ ਤੋਂ ਬਾਅਦ ਸੀਜੇਐਮ ਦੀ ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ ਆਤਮਸਮਰਪਣ ਕਰਨ ਲਈ ਬਾਕਾਇਦਾ ਨੋਟਿਸ ਵੀ ਜਾਰੀ ਕੀਤਾ ਸੀ। ਇਸ ਮਗਰੋਂ ਸੀਜੇਐਮ ਦੀ ਅਦਾਲਤ ਨੇ ਦੂਜੀ ਵਾਰ ਪਟਿਆਲਾ ਦੇ ਨਿਵਾਸੀ ਸ਼ਮਸ਼ੇਰ ਸਿੰਘ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਉਹ 1995 ਦੇ ਬਾਅਦ ਤੋਂ ਲੈ ਕੇ ਪਿਛਲੇ ਵਰ੍ਹੇ ਤਕ ਜੇਲ ’ਚ ਹੀ ਸੀ।
ਇਥੇ ਵਰਨਣਣਯੋਗ ਹੈ ਕਿ ਬੇਅੰਤ ਸਿੰਘ ਦਾ ਕਤਲ 31 ਅਗੱਸਤ, 1995 ਨੂੰ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਦੇ ਬਾਹਰ ਇਕ ਜ਼ਬਰਦਸਤ ਬੰਬ ਧਮਾਕੇ ਨਾਲ ਕੀਤਾ ਗਿਆ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ’ਚ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਅਗਸਤ 2007 ਦੌਰਾਨ ਜਗਤਾਰ ਸਿੰਘ ਹਵਾਰਾ ਨੂੰ ਵੀ ਮੌਤ ਦੀ ਅਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪਿਛਲੇ ਵਰ੍ਹੇ 10 ਮਈ ਨੂੰ ਲਖਵਿੰਦਰ ਸਿੰਘ ਨੂੰ ਅਤੇ 2 ਜੂਨ ਨੂੰ ਗੁਰਮੀਤ ਸਿੰਘ ਨੂੰ ਰਿਹਾਅ ਕਰ ਦਿਤਾ ਸੀ।