
Farishte Yojana News: ਦੁਰਘਟਨਾ ਦੇ ਪੀੜਤਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਣ ਲਈ ਮੈਪਲਜ਼ ਮੋਬਾਈਲ ਐਪ ਦਾ ਫ਼ਰਿਸ਼ਤੇ ਹਸਪਤਾਲਾਂ ਨਾਲ ਏਕੀਕਰਨ ਐਸ.ਐਸ.ਐਫ਼. ਲਈ ਸਹਾਈ ਹੋਵੇਗਾ : ਡੀਜੀਪੀ
Now information about Farishte Yojana hospitals will be available through the mobile app: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫ਼ਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਈਲ ਐਪ ਜ਼ਰੀਏ ਫ਼ਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ, ਤਾਂ ਜੋ ਸੁਖਾਲੇ ਢੰਗ ਨਾਲ ਇਨ੍ਹਾਂ ਹਸਪਤਾਲਾਂ ਤਕ ਪਹੁੰਚ ਕੀਤੀ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਅੱਜ ਇਥੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਉਪਭੋਗਤਾ, ਖ਼ਾਸ ਕਰ ਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿਚ, ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰ ਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੜਕ ਹਾਦਸਿਆਂ ਵਿਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਤੇ ਉਪਲਬਧ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਤੁਰਤ, ਮੁਸ਼ਕਲ ਰਹਿਤ ਇਲਾਜ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਫ਼ਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਹੁਣ ਤਕ ਫ਼ਰਿਸ਼ਤੇ ਸਕੀਮ ਤਹਿਤ ਪੰਜਾਬ ਭਰ ਵਿਚ 384 ਹਸਪਤਾਲਾਂ ਨੂੰ ਸਫ਼ਲਤਾ ਪੂਰਵਕ ਰਜਿਸਟਰ ਕੀਤਾ ਹੈ, ਜਿਸ ਵਿਚ 238 ਪ੍ਰਾਈਵੇਟ ਅਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ। ਹੁਣ ਇਹ ਹਸਪਤਾਲ, ਪੰਜਾਬ ਫ਼ਰਿਸ਼ਤੇ ਸਕੀਮ ਅਪਲਾਈ ਆਨਲਾਈਨ 2024 ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਮੈਪਲ ਮੋਬਾਈਲ ਐਪ ’ਤੇ ਉਪਲਬਧ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫ਼ਿਕ ਅਤੇ ਸੜਕ ਸੁਰੱਖਿਆ ਪੰਜਾਬ ਏ.ਐਸ. ਰਾਏ ਨੇ ਇਸ ਪਹਿਲਕਦਮੀ ਨੂੰ ਐਮਰਜੈਂਸੀ ਦੀ ਸੂਰਤ ਵਿਚ ਤੁਰਤ ਇਲਾਜ ਮੁਹਈਆ ਕਰਵਾਉਣ ਲਈ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਫ਼ਰਿਸ਼ਤੇ ਹਸਪਤਾਲਾਂ ਦਾ ਮੈਪਲਜ਼ ਮੋਬਾਈਲ ਐਪ ਨਾਲ ਏਕੀਕਰਨ ਇਹ ਯਕੀਨੀ ਬਣਾਏਗਾ ਕਿ ਸੜਕ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ, ਜੋ ਮਨੁੱਖੀ ਜਾਨਾਂ ਬਚਾਉਣ ਲਈ ਲਾਹੇਵੰਦ ਸਾਬਤ ਹੋਵੇਗਾ। ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ਼.) ਇਸ ਪ੍ਰਣਾਲੀ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਸੰਵੇਦਨਸ਼ੀਲ ਸਮੇਂ ‘ਤੇ ਹਸਪਤਾਲ ਲਿਜਾਣ ਲਈ ਸਹਾਈ ਹੋਵੇਗੀ ਜਿਸ ਨਾਲ ਮਨੁੱਖੀ ਜਾਨਾਂ ਬਚਾਉਣ ਦੀ ਦਰ ਵਿਚ ਸੁਧਾਰ ਆਵੇਗਾ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਅੱਗੇ ਆ ਕੇ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਉਤਸ਼ਾਹਤ ਕਰਨ ਵਾਲੇ ਅਜਿਹੇ “ਫ਼ਰਿਸ਼ਤੇ” ਨੂੰ ਕਾਨੂੰਨੀ ਉਲਝਣਾਂ ਅਤੇ ਪੁਲਿਸ ਪੁੱਛਗਿਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਸ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਵੀ ਕੀਤਾ ਜਾਂਦਾ ਹੈ।