
ਡਾਕਟਰਾਂ ਤੇ ਸਟਾਫ਼ ਦੀਆਂ 8 ਜਾਅਲੀ ਅਸ਼ਟਾਮ, ਬਿੱਲ ਤੇ ਇੰਡੈਂਟ ਬੁੱਕ ਬਰਾਮਦ, ਨੌਜਵਾਨ ਗ੍ਰਿਫ਼ਤਾਰ
ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲੋੜਵੰਦਾਂ ਲਈ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਵਿਵਸਥਾ ਹੈ। ਇਸ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੀਜੀਆਈ ਵਿੱਚ ਮਰੀਜ਼ਾਂ ਦੇ ਇਲਾਜ ਦੇ ਨਾਂ ’ਤੇ ਫਰਜ਼ੀ ਬਿੱਲਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਇੱਕ ਨੌਜਵਾਨ ਅੰਮ੍ਰਿਤ ਫਾਰਮੇਸੀ ਵਿੱਚ ਆਯੂਸ਼ਮਾਨ ਭਾਰਤ ਦੇ ਬਿੱਲ ’ਤੇ ਪੀਜੀਆਈ ਦੇ ਨਾਂ ’ਤੇ ਦਵਾਈ ਦਾ ਨਾਮ ਭਰ ਕੇ ਉਸ ’ਤੇ ਫਰਜ਼ੀ ਨਰਸਿੰਗ ਸਟਾਫ਼ ਦੀ ਮੋਹਰ ਲਗਾ ਕੇ ਦਵਾਈਆਂ ਲੈਣ ਗਿਆ।
ਉਹ ਦਵਾਈ ਲੈ ਆਇਆ ਤੇ ਬਿੱਲ ਵੀ ਪਾਸ ਹੋ ਗਿਆ। ਪਰ ਬਿੱਲ ’ਤੇ ਕਿਸੇ ਹੋਰ ਵਿਭਾਗ ਦੇ ਡਾਕਟਰ ਨੇ ਮੋਹਰ ਲਗਾ ਦਿੱਤੀ ਸੀ। ਬਿੱਲ ਲੈ ਕੇ ਆਏ ਨੌਜਵਾਨ ਨੂੰ ਪੀਜੀਆਈ ਦੇ ਸੁਰੱਖਿਆ ਮੁਲਾਜ਼ਮਾਂ ਦੇ ਹਵਾਲੇ ਕਰ ਦਿਤਾ ਗਿਆ। ਉਥੋਂ ਇਹ ਮਾਮਲਾ ਪੀਜੀਆਈ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ। ਨੌਜਵਾਨ ਨੂੰ ਪੀਜੀਆਈ ਪੁਲੀਸ ਚੌਕੀ ਹਵਾਲੇ ਕਰ ਦਿਤਾ ਗਿਆ ਹੈ।
ਇਸ ਨੌਜਵਾਨ ਕੋਲੋਂ ਪੀਜੀਆਈ ਸਟਾਫ਼ ਨਰਸਾਂ ਅਤੇ ਡਾਕਟਰਾਂ, ਆਯੂਸ਼ਮਾਨ ਭਾਰਤ ਅਤੇ ਹਿਮ ਕੇਅਰ ਦੇ ਨਾਂ ’ਤੇ ਬਣੀਆਂ 8 ਜਾਅਲੀ ਪਰਚੀਆਂ ਅਤੇ ਇਕ ਇੰਡੈਂਟ ਬੁੱਕ ਬਰਾਮਦ ਹੋਈ ਹੈ। ਪੀਜੀਆਈ ਦੇ ਸਹਾਇਕ ਸੁਰੱਖਿਆ ਅਧਿਕਾਰੀ ਬੀਐਸ ਰਾਵਤ ਨੇ ਇਹ ਸਾਰਾ ਸਾਮਾਨ ਅਤੇ ਮੁਲਜ਼ਮਾਂ ਨੂੰ ਪੀਜੀਆਈ ਪੁਲੀਸ ਚੌਕੀ ਹਵਾਲੇ ਕਰ ਦਿਤਾ ਹੈ। ਸੈਕਟਰ-11 ਥਾਣੇ ਦੀ ਪੁਲੀਸ ਨੇ ਬੀਐਨਐਸ ਦੀ ਧਾਰਾ 341 (3) (ਜਾਅਲੀ ਦਸਤਾਵੇਜ਼) ਤਹਿਤ ਕੇਸ ਦਰਜ ਕੀਤਾ ਹੈ।