
ਚੰਡੀਗੜ੍ਹ ਦੀ ਸੈਕਟਰ 26 ਦੀ ਅਨਾਜ ਮੰਡੀ ਤੋਂ ਲੱਖਾਂ ਰੁਪਏ ਦਾ ਰਾਸ਼ਨ ਲੈ ਕੇ ਅਯੁੱਧਿਆ ਲਈ ਰਵਾਨਾ ਹੋਏ ਟਰੱਕ
ਚੰਡੀਗੜ੍ਹ- ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪਿਛਲੇ ਦੋ ਮਹੀਨਿਆਂ ਤੋਂ ਅਯੁੱਧਿਆ ਰਾਮ ਮੰਦਿਰ ਵਿਚ ਨਿਰੰਤਰ ਜਾਰੀ ਲੰਗਰ ਸੇਵਾ ਲਈ ਚੰਡੀਗੜ੍ਹ ਤੋਂ ਇੱਕ ਵਾਰ ਫਿਰ ਲੱਖਾਂ ਦੇ ਰਾਸ਼ਨ ਨਾਲ ਭਰੇ ਟਰੱਕ ਰਵਾਨਾ ਕੀਤੇ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ 1885 ਵਿਚ ਬਾਬਰੀ ਢਾਂਚੇ 'ਤੇ ਕਬਜ਼ਾ ਕਰ ਕੇ ਹਵਨ ਕੀਤਾ ਸੀ।
ਨਿਹੰਗ ਬਾਬਾ ਫਕੀਰ ਸਿੰਘ ਖਾਲਸਾ ਦੀ ਭਗਵਾਨ ਰਾਮ ਪ੍ਰਤੀ ਸ਼ਰਧਾ ਅਤੇ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਬੀਤੀ 14 ਜਨਵਰੀ ਤੋਂ ਅਯੁੱਧਿਆ ਦੇ ਪ੍ਰਮੋਦਵਨ ਇਲਾਕੇ ਦੇ ਸ਼੍ਰੀ ਚਾਰ ਧਾਮ ਮੰਦਿਰ ਵਿਖੇ ਵਿਸ਼ਵ ਭਰ ਤੋਂ ਸੰਗਤਾਂ ਦੀ ਲੰਗਰ ਸੇਵਾ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ ਟਰੱਕ ਅਯੁੱਧਿਆ ਲਈ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਅਯੁੱਧਿਆ ਰਾਮ ਮੰਦਰ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂਆਂ ਲਈ 24 ਘੰਟੇ ਲੰਗਰ ਸੇਵਾ ਜਾਰੀ ਰੱਖਣ ਲਈ ਚੰਡੀਗੜ੍ਹ ਤੋਂ ਦੁਬਾਰਾ ਇਕ ਵਾਰ ਫਿਰ ਕਰਿਆਨੇ ਦਾ ਸਮਾਨ ਭੇਜਿਆ ਗਿਆ ਹੈ।
ਮਨੁੱਖਤਾ ਦੇ ਸੇਵਕ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣਾ ਮੇਰਾ ਫਰਜ਼ ਹੈ ਕਿ ਕੋਈ ਵੀ ਭੁੱਖਾ ਨਾ ਰਹੇ, ਖ਼ਾਸ ਕਰ ਕੇ ਸ਼ਰਧਾ ਅਤੇ ਜਸ਼ਨ ਦੇ ਸਮੇਂ। ਸਾਡੇ ਸਿੱਖ ਗੁਰੂਆਂ ਵਲੋਂ ਸ਼ੁਰੂ ਕੀਤੀ ਗਈ ਲੰਗਰ ਸੇਵਾ ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖੀਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਬੀਤੀ 14 ਜਨਵਰੀ ਤੋਂ ਸ਼ੁਰੂ ਕੀਤੀ ਗਈ ਲੰਗਰ ਸੇਵਾ ਅੱਜ ਵੀ ਭਗਵਾਨ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਪੁੱਜਣ ਵਾਲੇ ਸ਼ਰਧਾਲੂਆਂ ਦੀ ਸੇਵਾ ਕਰ ਰਹੀ ਹੈ। ਰਸੂਲਪੁਰ ਕੇਵਲ ਆਪਣੇ ਪੁਰਖਿਆਂ ਦੀ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰ ਰਿਹਾ ਹੈ।