
ਉਚਾਨਾ ’ਚ ਚੋਣ ਪ੍ਰਚਾਰ ਦੌਰਾਨ ਦੁਸ਼ਯੰਤ ਦੀ ਇਕ ਬਜ਼ੁਰਗ ਅਤੇ ਥਾਣਾ ਇੰਚਾਰਜ ਨਾਲ ਵੀ ਹੋਈ ਬਹਿਸ
Haryana Assembly Elections : ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਗੱਡੀ ’ਤੇ ਅਣਪਛਾਤੇ ਨੌਜੁਆਨਾਂ ਨੇ ਕਥਿਤ ਤੌਰ ’ਤੇ ਪੱਥਰ ਸੁੱਟੇ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ ਘਟਨਾ ਦੇ ਸਮੇਂ ਨੇਤਾਵਾਂ ਦਾ ਕਾਫਲਾ ਰੁਕਿਆ ਹੋਇਆ ਸੀ ਅਤੇ ਸੋਮਵਾਰ ਸ਼ਾਮ ਨੂੰ ਕਥਿਤ ਘਟਨਾ ਦੇ ਸਮੇਂ ਗੱਡੀ ’ਚ ਕੋਈ ਵੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਕੁੱਝ ਨੌਜੁਆਨਾਂ ਨੇ ਚੋਣ ਪ੍ਰਚਾਰ ਲਈ ਜਾ ਰਹੇ ਚੌਟਾਲਾ ਅਤੇ ਆਜ਼ਾਦ ਦੀ ਗੱਡੀ ’ਤੇ ਕਥਿਤ ਤੌਰ ’ਤੇ ਪੱਥਰ ਸੁੱਟੇ ਅਤੇ ਧਿਆਨ ਭਟਕਾਉਣ ਲਈ ਧੂੜ ਵੀ ਉਡਾਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਦੁਸ਼ਯੰਤ ਚੌਟਾਲਾ ਅਤੇ ਪੁਲਿਸ ਵਿਚਾਲੇ ਬਹਿਸ ਵੀ ਹੋਈ।
ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਦੁਸ਼ਯੰਤ ਚੌਟਾਲਾ ਉਚਾਨਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹਨ ਅਤੇ ਚੰਦਰ ਸ਼ੇਖਰ ਉਨ੍ਹਾਂ ਦੇ ਸਮਰਥਨ ਵਿਚ ਰੋਡ ਸ਼ੋਅ ਕਰਨ ਆਏ ਸਨ। ਦੇਰ ਸ਼ਾਮ ਉਨ੍ਹਾਂ ਦਾ ਕਾਫਲਾ ਪਿੰਡ ਉਚਾਣਾ ਕਲਾਂ ਪਹੁੰਚਿਆ।
ਸੂਚਨਾ ਮਿਲਣ ’ਤੇ ਉਚਾਨਾ ਦੇ ਐਸ.ਐਚ.ਓ. ਪਵਨ ਕੁਮਾਰ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ’ਚ ਗੱਡੀ ’ਤੇ ਝਰੀਟਾਂ ਦੇ ਨਿਸ਼ਾਨ ਸਨ ਅਤੇ ਚੰਦਰਸ਼ੇਖਰ ਦੀ ਗੱਡੀ ਦੇ ਪਿਛਲੇ ਹਿੱਸੇ ਦੇ ਸ਼ੀਸ਼ੇ ਟੁੱਟ ਗਏ ਸਨ।
ਪੁਲਿਸ ਮੁਤਾਬਕ ਸੋਮਵਾਰ ਨੂੰ ਚੋਣ ਪ੍ਰਚਾਰ ਦੌਰਾਨ ਉਚਾਨਾ ਦੇ 74 ਸਾਲ ਦੇ ਵਿਅਕਤੀ ਅਤੇ ਦੁਸ਼ਯੰਤ ਵਿਚਕਾਰ ਬਹਿਸ ਵੀ ਹੋ ਗਈ ਜਦੋਂ ਉਸ ਨੇ ਦੁਸ਼ਯੰਤ ਤੋਂ ਕੁੱਝ ਸਵਾਲ ਪੁੱਛੇ। ਇਸ ਦੌਰਾਨ ਮੌਕੇ ’ਤੇ ਪਹੁੰਚੇ ਥਾਣਾ ਇੰਚਾਰਜ ਨਾਲ ਵੀ ਦੁਸ਼ਯੰਤ ਦੀ ਬਹਿਸ ਵੀ ਹੋ ਗਈ। ਵਿਵਾਦ ਵਧਣ ’ਤੇ ਮੌਕੇ ’ਤੇ ਵਾਧੂ ਪੁਲਿਸ ਫੋਰਸ ਬੁਲਾਈ ਗਈ। ਰੋਡ ਸ਼ੋਅ ਨੂੰ ਉਥੇ ਹੀ ਰੋਕ ਦਿਤਾ ਗਿਆ ਅਤੇ ਦੁਸ਼ਯੰਤ ਅਤੇ ਚੰਦਰਸ਼ੇਖਰ ਵੀ ਗੱਡੀ ਤੋਂ ਉਤਰ ਕੇ ਵਰਕਰਾਂ ਦੇ ਵਿਚਕਾਰ ਆ ਗਏ।
ਦਸਿਆ ਜਾਂਦਾ ਹੈ ਕਿ ਦੁਸ਼ਯੰਤ ਚੌਟਾਲਾ ਨੇ ਐਸ.ਐਚ.ਓ. ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ, ਜਿਸ ’ਤੇ ਐਸ.ਐਚ.ਓ. ਨੇ ਐਫ.ਆਈ.ਆਰ. ਦਰਜ ਕਰਨ ਦੀ ਗੱਲ ਕਹੀ। ਇਸ ’ਤੇ ਚੌਟਾਲਾ ਨੇ ਕਿਹਾ ਕਿ ਐਸ.ਐਚ.ਓ. ਕੋਲ ਕਾਰਵਾਈ ਕਰਨ ਲਈ ਇਕ ਘੰਟੇ ਦਾ ਸਮਾਂ ਹੈ।
ਇਸ ਦੌਰਾਨ ਉੱਥੇ ਭੀੜ ਇਕੱਠੀ ਹੋ ਗਈ। ਬਾਅਦ ’ਚ ਚੰਦਰਸ਼ੇਖਰ ਇਕ ਹੋਰ ਕਾਰ ’ਚ ਮੌਕੇ ਤੋਂ ਫਰਾਰ ਹੋ ਗਿਆ। ਐਸ.ਐਚ.ਓ. ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਿਕਾਇਤ ’ਚ ਨਾਮਜ਼ਦ ਸੀਨੀਅਰ ਨਾਗਰਿਕ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ।
ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਆਜ਼ਾਦ ਦੇ ਕਾਫਲੇ ਨੂੰ ਸਖਤ ਸੁਰੱਖਿਆ ਦਰਮਿਆਨ ਬਾਹਰ ਕਢਿਆ ਗਿਆ।
ਸਾਬਕਾ ਸੰਸਦ ਮੈਂਬਰ ਅਜੇ ਸਿੰਘ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਅਪਣੇ ਗਠਜੋੜ ਦੇ ਹਿੱਸੇ ਵਜੋਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਹੀ ਹੈ।
ਦੋ ਦਿਨ ਪਹਿਲਾਂ ਜੇ.ਜੇ.ਪੀ. ਨੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖ ਕੇ ਉਚਾਨਾ ’ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ। ਪਾਰਟੀ ਨੂੰ ਵਿਰੋਧੀ ਪਾਰਟੀ ਦੇ ਉਮੀਦਵਾਰ ਦੇ ਹੰਗਾਮੇ ਦਾ ਡਰ ਸੀ।