
Haryana Vidhan Sabha Elections 2024 : ਜਿਹੜੇ ਲੋਕ ਸਾਡੀ ਪਾਰਟੀ ਨੂੰ ਘੱਟ ਸਮਝਦੇ ਹਨ, ਉਨ੍ਹਾਂ ਨੂੰ ਪਛਤਾਵਾ ਹੋਵੇਗਾ : ‘ਆਪ’
Haryana Vidhan Sabha Elections 2024 : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਆਮ ਆਦਮੀ ਪਾਰਟੀ (ਆਪ) ਨੇ ਸਨਿਚਰਵਾਰ ਨੂੰ ਚੇਤਾਵਨੀ ਦਿਤੀ ਕਿ ਜਿਹੜੇ ਲੋਕ ਪਾਰਟੀ ਨੂੰ ਘੱਟ ਸਮਝਦੇ ਹਨ, ਉਨ੍ਹਾਂ ਨੂੰ ਪਛਤਾਵਾ ਹੋਵੇਗਾ। ‘ਆਪ’ ਦੇ ਕੌਮੀ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਕਿਹਾ ਕਿ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਪੂਰੀ ਤਾਕਤ ਨਾਲ ਚੋਣ ਲੜਨ ਲਈ ਤਿਆਰ ਹੈ।
ਪਾਠਕ ਨੇ ਕਿਹਾ, ‘‘ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਪਾਰਟੀ ਦੇ ਹੁਕਮ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਸਾਨੂੰ ਹਰੀ ਝੰਡੀ ਮਿਲੇਗੀ, ਅਸੀਂ ਹਰ ਚੀਜ਼ ਦਾ ਐਲਾਨ ਕਰਾਂਗੇ। ਅਸੀਂ ਸਾਰੀਆਂ ਸੀਟਾਂ ’ਤੇ ਪੂਰੀ ਤਾਕਤ ਨਾਲ ਚੋਣ ਲੜਨ ਲਈ ਤਿਆਰ ਹਾਂ ਅਤੇ ਜੋ ਲੋਕ ਸਾਨੂੰ ਘੱਟ ਸਮਝ ਰਹੇ ਹਨ, ਉਹ ਭਵਿੱਖ ’ਚ ਖੁਦ ਇਸ ਦਾ ਪਛਤਾਵਾ ਕਰਨਗੇ।’’
‘ਆਪ’ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਗੱਲਬਾਤ ਸੀਟਾਂ ਦੀ ਵੰਡ ਨੂੰ ਲੈ ਕੇ ਅਟਕੀ ਹੋਈ ਹੈ। ਅੰਦਰੂਨੀ ਸੂਤਰਾਂ ਮੁਤਾਬਕ ‘ਆਪ’ ਨੇ 10 ਸੀਟਾਂ ਦੀ ਮੰਗ ਕੀਤੀ ਹੈ ਜਦਕਿ ਕਾਂਗਰਸ 5 ਤੋਂ 7 ਸੀਟਾਂ ਦੀ ਪੇਸ਼ਕਸ਼ ਕਰ ਰਹੀ ਹੈ। ਹਰਿਆਣਾ ’ਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 12 ਸਤੰਬਰ ਹੈ।
ਇਸ ਤੋਂ ਪਹਿਲਾਂ ‘ਆਪ’ ਦੀ ਮੁੱਖ ਕੌਮੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਕੋਈ ਸਿੱਟਾ ਨਿਕਲ ਜਾਵੇਗਾ। ਇਹ ਪੁੱਛੇ ਜਾਣ ’ਤੇ ਕਿ ਜੇਕਰ ‘ਆਪ’ ਕਾਂਗਰਸ ਨਾਲ ਗਠਜੋੜ ਕਰਦੀ ਹੈ ਤਾਂ ਉਹ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ, ਉਨ੍ਹਾਂ ਕਿਹਾ, ‘‘ਗੱਲਬਾਤ ਚੱਲ ਰਹੀ ਹੈ, ਇਸ ਲਈ ਇਸ ’ਤੇ ਟਿਪਣੀ ਕਰਨਾ ਜਲਦਬਾਜ਼ੀ ਹੋਵੇਗੀ।’’
ਆਮ ਆਦਮੀ ਪਾਰਟੀ ਹਰਿਆਣਾ ’ਚ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਨਿਚਰਵਾਰ ਨੂੰ ਸੂਬੇ ’ਚ ਰੈਲੀਆਂ ਕਰਨਗੀਆਂ। ਉਨ੍ਹਾਂ ਕਿਹਾ, ‘‘ਅਸੀਂ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹਾਂ।’’ ‘ਆਪ’ ਦੇ ਸੂਤਰਾਂ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਗਠਜੋੜ ਨੂੰ ਲੈ ਕੇ ਗੱਲਬਾਤ ਟੁੱਟਣ ਦੀ ਕਗਾਰ ’ਤੇ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਪਾਰਟੀ 50 ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ ਅਤੇ ਐਤਵਾਰ ਨੂੰ ਅਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਸਕਦੀ ਹੈ। ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੇ ਭਾਈਵਾਲ ‘ਆਪ’ ਅਤੇ ਕਾਂਗਰਸ ਨੇ ਹਰਿਆਣਾ, ਗੁਜਰਾਤ ਅਤੇ ਦਿੱਲੀ ’ਚ ਗਠਜੋੜ ’ਚ ਲੋਕ ਸਭਾ ਚੋਣਾਂ ਲੜੀਆਂ ਸਨ। ਹਰਿਆਣਾ ’ਚ ‘ਆਪ’ ਨੇ ਕੁਰੂਕਸ਼ੇਤਰ ਸੀਟ ਤੋਂ ਚੋਣ ਲੜੀ ਸੀ, ਜਿੱਥੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ ਸਨ।
(For more news apart from Haryana Vidhan Sabha Elections Reka continued about the alliance News in Punjabi, stay tuned to Rozana Spokesman)