
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਜੁਲਾਨਾ ਸੀਟ ਤੋਂ ਦਿੱਤੀ ਟਿਕਟ
Vinesh Phogat News : ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਜੁਲਾਨਾ ਸੀਟ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵਿਨੇਸ਼ ਅਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਏ ਸਨ। ਸ਼ਾਮ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਨਾਮ ਫਾਈਨਲ ਹੋਣ ਤੋਂ ਬਾਅਦ ਵਿਨੇਸ਼ ਨੇ ਹੁਣ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਐਤਵਾਰ ਨੂੰ ਉਨ੍ਹਾਂ ਨੇ ਜੁਲਾਨਾ 'ਚ ਚੋਣ ਪ੍ਰਚਾਰ ਕੀਤਾ ,ਜਿੱਥੇ ਵਰਕਰਾਂ ਅਤੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਨੇਸ਼ ਨੇ ਭਾਜਪਾ ਦੇ ਸਾਬਕਾ ਸੰਸਦ ਬ੍ਰਿਜ ਭੂਸ਼ਣ ਸਿੰਘ ਦੇ ਆਰੋਪਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ‘ਬ੍ਰਿਜਭੂਸ਼ਣ ਸਿੰਘ ਦੇਸ਼ ਨਹੀਂ’।
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦੇ ਆਰੋਪਾਂ 'ਤੇ ਵਿਨੇਸ਼ ਫੋਗਾਟ ਨੇ ਕਿਹਾ, 'ਬ੍ਰਿਜ ਭੂਸ਼ਣ ਦੇਸ਼ ਨਹੀਂ, ਮੇਰਾ ਦੇਸ਼ ਮੇਰੇ ਨਾਲ ਖੜ੍ਹਾ ਹੈ। ਮੇਰੇ ਆਪਣੇ ਲੋਕ ਮੇਰੇ ਨਾਲ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਰੋਪ ਹਨ ਕਿ ਕਾਂਗਰਸ ਨੇ ਤੁਹਾਨੂੰ ਅੰਦੋਲਨ 'ਤੇ ਬਿਠਾਇਆ ਸੀ, ਜਵਾਬ 'ਚ ਉਨ੍ਹਾਂ ਕਿਹਾ ਕਿ ਸਾਨੂੰ ਜੰਤਰ-ਮੰਤਰ 'ਤੇ ਬੈਠਣ ਦੀ ਇਜਾਜ਼ਤ ਭਾਜਪਾ ਨੇ ਹੀ ਦਿੱਤੀ ਸੀ। ਵਿਨੇਸ਼ ਨੇ ਕਿਹਾ, 'ਮੈਡਲ ਦਾ ਦੁੱਖ ਤਾਂ ਓਸੇ ਦਿਨ ਘੱਟ ਗਿਆ ਸੀ ਅਤੇ ਮੇਰੇ ਆਪਣਿਆਂ ਨੇ ਮੇਰਾ ਸੁਆਗਤ ਕੀਤਾ ਸੀ।'
ਖਾਪ ਨੇ ਵਿਨੇਸ਼ ਨੂੰ ਸੋਨ ਤਗਮਾ ਭੇਂਟ ਕੀਤਾ ਹੈ। ਇਸ ਤੋਂ ਪਹਿਲਾਂ ਖਾਪ ਨੇ ਉਸ ਨੂੰ ਗਦਾ ਭੇਂਟ ਕੀਤੀ ਸੀ। 6 ਪਿੰਡਾਂ ਦੀਆਂ ਖਾਪ ਪੰਚਾਇਤਾਂ ਅਤੇ ਰਾਠੀ ਭਾਈਚਾਰੇ ਨੇ ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ ਨੂੰ ਇਨਾਮ ਦਿੱਤਾ ਹੈ। ਮੰਚ ਤੋਂ ਇਕ ਖਾਪ ਨੇਤਾ ਨੇ ਕਿਹਾ ਕਿ ਅੱਜ ਤੋਂ ਉਹ ਸਿਰਫ ਵਿਨੇਸ਼ ਫੋਗਟ ਨਹੀਂ ਹੈ, ਉਹ ਵਿਨੇਸ਼ ਫੋਗਟ ਰਾਠੀ ਹੈ।
'ਤੁਹਾਡੀ ਬੇਟੀ ਤੁਹਾਨੂੰ ਨਿਰਾਸ਼ ਨਹੀਂ ਕਰੇਗੀ'
ਬਖਤਾ ਖੇੜਾ ਖਾਪ ਪੰਚਾਇਤ 'ਚ ਵਿਨੇਸ਼ ਫੋਗਾਟ ਨੇ ਕਿਹਾ, 'ਇਹ ਮੇਰਾ ਸਹੁਰਾ ਘਰ ਹੈ। ਤੁਸੀਂ ਮੈਨੂੰ ਬੇਟੀ ਵਾਂਗ ਪਿਆਰ ਕਰਦੇ ਹੋ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਮਾਂ ਨੂੰ ਚਿੰਤਾ ਸੀ ਕਿ ਉਸ ਦੇ ਸਹੁਰੇ ਉਸ ਨੂੰ ਪਹਿਲਵਾਨੀ ਕਰਨ ਦੀ ਇਜਾਜ਼ਤ ਦੇਣਗੇ ਜਾਂ ਨਹੀਂ। ਅਸੀਂ ਬਹੁਤ ਦੇਖੇ ਹਨ ਪਰ ਤੁਹਾਡੇ ਪਿਆਰ ਨੇ ਮੇਰਾ ਦਰਦ ਭੁਲਾ ਦਿੱਤਾ। ਮੇਰੀ ਇੱਛਾ ਸੀ ਕਿ ਪਿੰਡ ਵਿੱਚ ਵਿਆਹ ਹੋਵੇ। ਮੈਂ ਪਿੰਡ ਵਿੱਚ ਖੁੱਲ੍ਹੇ ਵਿੱਚ ਰਹਿਣਾ ਚਾਹੁੰਦੀ ਹਾਂ। ਤੁਹਾਡੀ ਬੇਟੀ ਤੁਹਾਡੇ ਨਾਲ ਵਾਅਦਾ ਕਰਦੀ ਹੈ ਕਿ ਉਹ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਕੁਸ਼ਤੀ ਕਰਕੇ ਮੈਨੂੰ ਸ਼ਹਿਰ ਜਾਣਾ ਪਿਆ, ਪਰ ਹੁਣ ਪਿੰਡ ਨਹੀਂ ਛੱਡਾਂਗੀ।
ਉਸ ਨੇ ਕਿਹਾ, 'ਮੈਂ ਕਾਂਗਰਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਦੋਂ ਅਸੀਂ ਪ੍ਰਦਰਸ਼ਨ ਕਰ ਰਹੇ ਸੀ ਤਾਂ ਪ੍ਰਿਅੰਕਾ ਗਾਂਧੀ ਸਾਡੇ ਕੋਲ ਆਈ ਅਤੇ ਮੈਨੂੰ ਉਤਸ਼ਾਹਿਤ ਕੀਤਾ। ਮੈਂ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਦੀ ਹਾਂ। ਪਿਛਲੇ 2-3 ਸਾਲਾਂ ਤੋਂ ਉਹ ਸੜਕਾਂ 'ਤੇ ਆ ਕੇ ਲੋਕਾਂ ਨੂੰ ਮਿਲ ਰਰਹੇ ਹਨ। ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਇੱਕ ਦਿਨ ਜਾਵਾਂਗੇ, ਪਾਰਟੀ ਨੂੰ ਸੰਭਾਲਣ ਦਾ ਤੁਹਾਡਾ ਸਮਾਂ ਹੈ। ਮੇਰੇ ਵੱਡੇ ਭਰਾ ਦੀਪੇਂਦਰ ਸਿੰਘ ਹੁੱਡਾ ਚੰਗੇ ਇਨਸਾਨ ਹਨ, ਉਨ੍ਹਾਂ ਨੇ ਜੰਤਰ-ਮੰਤਰ 'ਤੇ ਸਾਡੇ ਨਾਲ ਸੰਘਰਸ਼ ਕੀਤਾ ਅਤੇ ਸਾਨੂੰ ਹੌਸਲਾ ਦਿੱਤਾ। ਇਸ ਦੇਸ਼ ਅਤੇ ਕੁਸ਼ਤੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਮੈਂ ਜੀਂਦ ਐਥਲੈਟਿਕਸ ਨੂੰ ਓਲੰਪਿਕ ਪੱਧਰ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ।
'ਭਾਜਪਾ 'ਚ ਨਹੀਂ ਗਏ ਤਾਂ ਦੇਸ਼ਧ੍ਰੋਹ ਕਿਹਾ ਜਾ ਰਿਹਾ ਹੈ'
ਕਾਂਗਰਸ ਨੇਤਾ ਬਜਰੰਗ ਪੂਨੀਆ ਨੇ ਕਿਹਾ, 'ਮੈਂ ਇੱਕ ਐਥਲੀਟ ਅਤੇ ਇੱਕ ਕਿਸਾਨ ਦਾ ਪੁੱਤਰ ਹਾਂ। ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਅਨੁਸਾਰ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਬਿਹਤਰ ਤਰੀਕੇ ਨਾਲ ਉਠਾ ਸਕਦਾ ਹਾਂ। ਬ੍ਰਿਜ ਭੂਸ਼ਣ ਅਤੇ ਭਾਜਪਾ ਦੀ ਸਮੱਸਿਆ ਇਹ ਹੈ ਕਿ ਅਸੀਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਾਂ। ਜੇਕਰ ਅਸੀਂ ਭਾਜਪਾ ਵਿਚ ਸ਼ਾਮਲ ਹੁੰਦੇ ਤਾਂ ਦੇਸ਼ ਭਗਤ ਬਣ ਜਾਂਦੇ, ਪਰ ਕਿਉਂਕਿ ਅਸੀਂ ਕਾਂਗਰਸ ਵਿਚ ਸ਼ਾਮਲ ਹੋਏ ਹਾਂ, ਉਹ ਸਾਨੂੰ ਗੱਦਾਰ ਕਹਿ ਰਹੇ ਹਨ।