
ਦੁਸ਼ਯੰਤ ਚੌਟਾਲਾ ਨੂੰ ਉਚਾਣਾ ਕਲਾਂ ਵਿਧਾਨ ਸਭਾ ਸੀਟ ਤੋਂ ਭਾਰੀ ਹਾਰ ਦਾ ਸਾਹਮਣਾ ਪਿਆ
Haryana Election Results 2024 : ਹਰਿਆਣਾ ’ਚ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਤੋਂ ਲੈ ਕੇ ਪੰਜ ਸਾਲ ਬਾਅਦ ਸੂਬੇ ’ਚੋਂ ਸਫਾਇਆ ਹੋਣ ਤਕ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੂੰ ਵੱਡਾ ਝਟਕਾ ਲੱਗਾ ਹੈ।
ਜੇ.ਜੇ.ਪੀ. ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਉਚਾਣਾ ਕਲਾਂ ਵਿਧਾਨ ਸਭਾ ਸੀਟ ਤੋਂ ਭਾਰੀ ਹਾਰ ਦਾ ਸਾਹਮਣਾ ਪਿਆ ਹੈ। ਉਨ੍ਹਾਂ ਨੇ 2019 ਦੀਆਂ ਚੋਣਾਂ ’ਚ ਇਹ ਸੀਟ ਜਿੱਤੀ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜੇ.ਜੇ.ਪੀ. ਨੇ ਸੂਬੇ ਦੀਆਂ 90 ’ਚੋਂ 10 ਸੀਟਾਂ ਜਿੱਤੀਆਂ ਸਨ ਅਤੇ ‘ਕਿੰਗਮੇਕਰ’ ਵਜੋਂ ਉਭਰੀ ਸੀ। ਇਸ ਨੇ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕੀਤਾ, ਜੋ ਆਮ ਬਹੁਮਤ ਤੋਂ ਛੇ ਸੀਟਾਂ ਪਿੱਛੇ ਰਹਿ ਗਈ ਸੀ ਅਤੇ 40 ਸੀਟਾਂ ਜਿੱਤੀਆਂ ਸਨ।
ਅਜੈ ਸਿੰਘ ਚੌਟਾਲਾ ਦੀ ਅਗਵਾਈ ਵਾਲੀ ਪਾਰਟੀ ਪਰਵਾਰਕ ਝਗੜੇ ਤੋਂ ਬਾਅਦ ਦਸੰਬਰ 2018 ਵਿਚ ਅਪਣੀ ਮੂਲ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤੋਂ ਵੱਖ ਹੋ ਗਈ ਸੀ। ਇਸ ਦੀ ਸਥਾਪਨਾ ਤੋਂ ਬਾਅਦ ਪਾਰਟੀ ਦੇ ਗ੍ਰਾਫ ’ਚ ਅਚਾਨਕ ਵਾਧਾ ਵੇਖਿਆ ਗਿਆ ਅਤੇ ਇਸ ਸਾਲ ਮਾਰਚ ’ਚ ਭਾਜਪਾ ਨਾਲ ਗਠਜੋੜ ਖਤਮ ਹੋਣ ਤੋਂ ਬਾਅਦ ਇਸ ਦੇ ਸਮਰਥਨ ਅਧਾਰ ’ਚ ਗਿਰਾਵਟ ਵੇਖੀ ਗਈ।
ਭਾਜਪਾ ਨੇ ਮਾਰਚ ਵਿਚ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਸੀ ਅਤੇ ਲੀਡਰਸ਼ਿਪ ਬਦਲਣ ਤੋਂ ਬਾਅਦ ਗਠਜੋੜ ਟੁੱਟ ਗਿਆ ਸੀ। ਜੇ.ਜੇ.ਪੀ. ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਸਾਰੀਆਂ 10 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਜੇ.ਜੇ.ਪੀ. ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਜੇ.ਜੇ.ਪੀ. ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਪਾਰਟੀ ਛੱਡ ਦਿਤੀ ਅਤੇ ਇਸ ਦੇ 10 ਵਿਧਾਇਕਾਂ ’ਚੋਂ ਸੱਤ ਕਾਂਗਰਸ ਜਾਂ ਭਾਜਪਾ ’ਚ ਸ਼ਾਮਲ ਹੋ ਗਏ। ਜੇ.ਜੇ.ਪੀ. ਨੇ ਹਰਿਆਣਾ ’ਚ ਦਲਿਤ ਵੋਟਾਂ ਹਾਸਲ ਕਰਨ ਲਈ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕੀਤਾ ਸੀ, ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਚੌਟਾਲਾ (36) ਨੇ ਪਿਛਲੇ ਮਹੀਨੇ ਭਵਿੱਖਬਾਣੀ ਕੀਤੀ ਸੀ ਕਿ ਕੋਈ ਵੀ ਪਾਰਟੀ ਵਿਧਾਨ ਸਭਾ ਚੋਣਾਂ ’ਚ 40 ਸੀਟਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇਗੀ।