
Haryana Roadways bus Accident : ਸਕੂਟਰ ਸਵਾਰ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ’ਚ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ
Haryana Roadways bus loses control and crashes into tree Latest News in punjabi : ਬੀਤੇ ਦਿਨ ਚਰਖੀ ਦਾਦਰੀ ਵਿਚ ਹਰਿਆਣਾ ਰੋਡਵੇਜ਼ ਦੀ ਇਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਟਕਰਾ ਗਈ। ਹਾਦਸੇ ਸਮੇਂ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ। ਇਹ ਹਾਦਸਾ ਸਕੂਟਰ ਸਵਾਰ ਇਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਜਿਸ ਨਾਲ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੇ ਚਰਖੀ ਦਾਦਰੀ ਡਿਪੂ ਦੀ ਬੱਸ ਝੱਜਰ ਜ਼ਿਲ੍ਹੇ ਦੇ ਬਾਹੂ ਤੋਂ ਬਾਧਰਾ ਜਾ ਰਹੀ ਸੀ। ਜਦੋਂ ਬੱਸ ਬਾਧਰਾ ਬੱਸ ਸਟੈਂਡ ਤੋਂ ਲਗਭਗ 1.5 ਕਿਲੋਮੀਟਰ ਦੂਰ ਸੀ, ਉਸੇ ਸਮੇਂ, ਜੇਵਾਲੀ ਰੋਡ 'ਤੇ ਬਾਧਰਾ ਕਸਬੇ ਵਿਚ ਸੀਐਸਡੀ ਕੰਟੀਨ ਦੇ ਸਾਹਮਣੇ, ਇਕ ਸਕੂਟਰ ਸਵਾਰ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਕਿੱਕਰ ਦੇ ਦਰੱਖ਼ਤ ਨਾਲ ਟਕਰਾ ਗਈ।
ਜਿਵੇਂ ਹੀ ਬੱਸ ਦਰੱਖ਼ਤ ਨਾਲ ਟਕਰਾਈ, ਯਾਤਰੀਆਂ ਵਿਚ ਚੀਕ-ਚਿਹਾੜਾ ਪੈ ਗਿਆ। ਪਰ ਖੁਸ਼ਕਿਸਮਤੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗੇ ਬੈਠੇ ਕੁੱਝ ਯਾਤਰੀਆਂ ਨੂੰ ਸੀਟਾਂ ਨਾਲ ਟਕਰਾਉਣ ਕਾਰਨ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਦਾਦਰੀ ਵਿਚ ਹਾਦਸੇ ਦਾ ਸ਼ਿਕਾਰ ਹੋਈ ਰੋਡਵੇਜ਼ ਬੱਸ ਵਿਚ ਲਗਭਗ 55 ਯਾਤਰੀ ਸਵਾਰ ਸਨ। ਬੱਸ ਝੱਜਰ ਜ਼ਿਲ੍ਹੇ ਦੇ ਬਾਹੂ ਤੋਂ ਸ਼ੁਰੂ ਹੋ ਕੇ ਦਾਦਰੀ ਜ਼ਿਲ੍ਹੇ ਦੇ ਪਿੰਡ ਚਿੜੀਆ, ਦੁਧਵਾ, ਦਤੌਲੀ, ਨੌਸਵਾ, ਆਦਮਪੁਰ, ਕਲਾਲੀ-ਬਲਾਲੀ, ਝੋਝੂ ਕਲਾਂ, ਗੁਡਾਨਾ, ਨਿਹਾਲਗੜ੍ਹ, ਟੋਡੀ, ਕੁਬਜਾ ਨਗਰ, ਬੇਰਲਾ ਅਤੇ ਜੇਵਾਲੀ ਤੋਂ ਹੁੰਦੀ ਹੋਈ ਬਦਰਾ ਜਾ ਰਹੀ ਸੀ।
ਇਹ ਹਾਦਸਾ ਬਾਧਰਾ ਬੱਸ ਅੱਡੇ ਤੋਂ ਲਗਭਗ ਡੇਢ ਕਿਲੋਮੀਟਰ ਪਹਿਲਾਂ ਵਾਪਰਿਆ। ਉਸ ਸਮੇਂ ਬੱਸ ਵਿਚ 50 ਤੋਂ 55 ਯਾਤਰੀ ਸਨ। ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਖ਼ੁਸ਼ਕਿਸਮਤੀ ਨਾਲ ਹਾਦਸੇ ਵਿਚ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ।
ਹਰਿਆਣਾ ਰੋਡਵੇਜ਼ ਚਰਖੀ ਦਾਦਰੀ ਡਿਪੂ ਵਰਕਸ ਦੇ ਇੰਸਪੈਕਟਰ ਪਰਮਜੀਤ ਸਾਂਗਵਾਨ ਨੇ ਦਸਿਆ ਕਿ ਇਹ ਹਾਦਸਾ ਬਾਧਰਾ ਨੇੜੇ ਇਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਵਾਪਰਿਆ। ਹਾਦਸੇ ਸਮੇਂ ਬੱਸ ਵਿਚ 50 ਤੋਂ 55 ਯਾਤਰੀ ਸਵਾਰ ਸਨ। ਬੱਸ ਡਰਾਈਵਰ ਅਤੇ ਕੰਡਕਟਰ ਸਮੇਤ ਸਾਰੇ ਯਾਤਰੀ ਸੁਰੱਖਿਅਤ ਹਨ। ਬੱਸ ਨੁਕਸਾਨੀ ਗਈ ਸੀ ਜਿਸ ਲਈ ਇਕ ਮਕੈਨਿਕ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।