
Haryana News : ਮੁੱਖ ਮੰਤਰੀ ਤੇ ਸੂਬਾ ਪ੍ਰਧਾਨ 'ਤੇ ਕੀਤੀਆਂ ਸੀ ਟਿੱਪਣੀਆਂ
Anil Vij responds to show cause notice Latest News in Punjabi : ਹਰਿਆਣਾ ਭਾਜਪਾ ਨੇ ਅਪਣੇ ਮੰਤਰੀ ਅਨਿਲ ਵਿਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਉਨਾਂ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ 'ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ।
ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਪਾਰਟੀ ਵਲੋਂ ਦਿਤੇ ਗਏ ਕਾਰਨ ਦੱਸੋ ਨੋਟਿਸ ਦਾ ਅੱਠ ਪੰਨਿਆਂ ਵਿਚ ਅਪਣਾ ਜਵਾਬ ਦਿਤਾ ਹੈ। ਅੰਬਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜ ਨੇ ਕਿਹਾ ਕਿ, ‘ਮੈਂ ਤਿੰਨ ਦਿਨਾਂ ਲਈ ਬੰਗਲੁਰੂ ਵਿਚ ਸੀ। ਬੀਤੇ ਦਿਨ ਘਰ ਆਉਣ ਤੋਂ ਬਾਅਦ ਮੈਂ ਪਹਿਲਾਂ ਨਹਾਇਆ, ਫਿਰ ਖਾਣਾ ਖਾਧਾ ਅਤੇ ਉਸ ਤੋਂ ਬਾਅਦ ਮੈਂ ਬੈਠ ਕੇ ਨੋਟਿਸ ਦਾ ਜਵਾਬ ਦਿਤਾ। ਮੈਂ ਇਸ ਨੋਟਿਸ ਦਾ ਜਵਾਬ ਸਮੇਂ ਤੋਂ ਪਹਿਲਾਂ ਦੇ ਦਿਤਾ ਹੈ। ਮੈਂ ਇਸ ਪੱਤਰ ਵਿਚ ਲਿਖਿਆ ਹੈ ਕਿ ਜੇ ਕੋਈ ਹੋਰ ਜਵਾਬ ਚਾਹੀਦਾ ਹੈ ਤਾਂ ਮੈਂ ਉਹ ਵੀ ਦੇਣ ਲਈ ਤਿਆਰ ਹਾਂ।
ਹੁਣ ਪਾਰਟੀ ਦੀ ਅਗਲੀ ਕਾਰਵਾਈ ਵਿਜ ਦੇ ਜਵਾਬ 'ਤੇ ਨਿਰਭਰ ਕਰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਵਿਜ ਅਪਣੇ ਬਿਆਨਾਂ 'ਤੇ ਅਫਸੋਸ ਪ੍ਰਗਟ ਕਰਦੇ ਹਨ, ਤਾਂ ਪਾਰਟੀ ਉਨ੍ਹਾਂ ਨੂੰ ਚੇਤਾਵਨੀ ਦੇਵੇਗੀ ਅਤੇ ਮਾਮਲਾ ਖ਼ਤਮ ਕਰ ਦੇਵੇਗੀ ਜਾਂ ਫਿਰ ਪਾਰਟੀ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਸਕਦੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਵਿਜ ਨੂੰ ਨੋਟਿਸ ਦੇਣ ਪਿੱਛੇ ਇਕ ਕਾਰਨ ਇਹ ਹੈ ਕਿ ਪਾਰਟੀ ਬਾਕੀ ਮੰਤਰੀ ਤੇ ਵਰਕਰਾਂ ਨੂੰ ਵੀ ਇਕ ਸਖ਼ਤ ਸੰਦੇਸ਼ ਦੇਣਾ ਚਾਹੁੰਦੀ ਹੈ। ਮੰਤਰੀ ਮੰਡਲ ਵਿਚ ਸੈਣੀ ਤੋਂ ਵੱਡੇ ਕਈ ਮੰਤਰੀ ਹਨ। ਅਜਿਹੀ ਸਥਿਤੀ ਵਿਚ, ਭਵਿੱਖ ਵਿਚ ਅਜਿਹੀ ਕਿਸੇ ਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ, ਪਾਰਟੀ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
ਪਾਰਟੀ ਦੇ ਮਜ਼ਬੂਤਨੇਤਾ ਅਤੇ ਸੱਤ ਵਾਰ ਵਿਧਾਇਕ ਰਹੇ ਅਨਿਲ ਵਿਜ ਅਪਣੀ ਸਪੱਸ਼ਟਤਾ ਲਈ ਜਾਣੇ ਜਾਂਦੇ ਹਨ। ਉਸ ਦਾ ਪਹਿਲਾਂ ਵੀ ਸਰਕਾਰ ਅਤੇ ਆਈ.ਏ.ਐਸ. ਅਤੇ ਆਈ.ਪੀ.ਐਸ ਅਧਿਕਾਰੀਆਂ ਨਾਲ ਵਿਵਾਦ ਹੋ ਚੁੱਕਾ ਹੈ ਪਰ ਉਨ੍ਹਾਂ ਕਦੇ ਵੀ ਜਨਤਕ ਤੌਰ 'ਤੇ ਅਜਿਹੇ ਸਖ਼ਤ ਬਿਆਨ ਨਹੀਂ ਦਿਤੇ ਹਨ। ਉਸ ਸਮੇਂ ਦੌਰਾਨ ਵੀ ਪਾਰਟੀ ਨੇ ਕਦੇ ਵੀ ਅਜਿਹੇ ਮਾਮਲਿਆਂ ਦਾ ਨੋਟਿਸ ਨਹੀਂ ਲਿਆ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਵਿਰੁਧ ਖੁੱਲ੍ਹ ਕੇ ਬਿਆਨ ਦਿਤਾ ਹੈ। ਇਸ ਵਾਰ ਪਾਰਟੀ ਨੇ ਵਿੱਜ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਹੈ। ਭਾਜਪਾ ਸਰਕਾਰ ਵਿਚ ਇਹ ਪਹਿਲੀ ਵਾਰ ਹੈ ਜਦੋਂ ਸੰਗਠਨ ਵਲੋਂ ਕਿਸੇ ਮੰਤਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।