
ਲੁਧਿਆਣਾ ਦਾ ਮੁੱਖ ਆਕਰਸ਼ਣ ਰਾਵਣ ਦਾ 125 ਫੁੱਟ ਉੱਚਾ ਪੁਤਲਾ ਸੀ ਜਦਕਿ ਪੰਚਕੂਲਾ ’ਚ 155 ਫੁੱਟ ਉੱਚੇ ਰਾਵਣ ਦੇ ਪੁਤਲੇ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ
Dussehra 2024 : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਦੁਸਹਿਰੇ ਦੇ ਜਸ਼ਨਾਂ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਪੰਜਾਬ ਦੇ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਮੋਹਾਲੀ, ਹਰਿਆਣਾ ਦੇ ਪੰਚਕੂਲਾ, ਕਰਨਾਲ, ਰੋਹਤਕ ਅਤੇ ਅੰਬਾਲਾ ਅਤੇ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਸਮੇਤ ਹੋਰ ਥਾਵਾਂ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਲੁਧਿਆਣਾ ਦਾ ਮੁੱਖ ਆਕਰਸ਼ਣ ਰਾਵਣ ਦਾ 125 ਫੁੱਟ ਉੱਚਾ ਪੁਤਲਾ ਸੀ ਜਦਕਿ ਪੰਚਕੂਲਾ ’ਚ 155 ਫੁੱਟ ਉੱਚੇ ਰਾਵਣ ਦੇ ਪੁਤਲੇ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ’ਚ ਸੁਰੱਖਿਅਤ ਦੁਸਹਿਰੇ ਦੇ ਜਸ਼ਨਾਂ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ‘‘ਮੈਂ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਦੁਸਹਿਰਾ ਦੇਸ਼ ਭਰ ’ਚ ਧਰਮ ਦੀ ਸਥਾਪਨਾ ਅਤੇ ਵਿਜੇ ਦਸ਼ਮੀ ਵਜੋਂ ਮਨਾਇਆ ਜਾਂਦਾ ਹੈ ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।’’
ਹਰਿਆਣਾ ਦੇ ਰਾਜਪਾਲ ਬਾਂਡਾਰੂ ਦੱਤਾਤ੍ਰੇਯ ਨੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ‘‘ਇਹ ਪਵਿੱਤਰ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਅਪਣੇ ਜੀਵਨ ’ਚ ਸੱਚਾਈ, ਧਰਮ ਅਤੇ ਨੈਤਿਕਤਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਉਮੀਦ ਹੈ ਕਿ ਇਹ ਤਿਉਹਾਰ ਤੁਹਾਡੇ ਜੀਵਨ ’ਚ ਖੁਸ਼ਹਾਲੀ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇਗਾ। ਵਿਜੇਦਸ਼ਮੀ ਦੇ ਇਸ ਮੌਕੇ ’ਤੇ ਮੈਂ ਸਾਰੇ ਨਾਗਰਿਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾ ਹਾਂ।’’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਅੰਮ੍ਰਿਤਸਰ ’ਚ ਦੁਸਹਿਰਾ ਸਮਾਰੋਹ ’ਚ ਸ਼ਾਮਲ ਹੋਏ ਸਨ, ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਸਾਰਿਆਂ ਨੂੰ ਵਧਾਈਆਂ, ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਆਉ ਅਸੀਂ ਚੰਗਿਆਈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਕਰੀਏ ਅਤੇ ਅਪਣੇ ਸਮਾਜ ਅਤੇ ਜੀਵਨ ਤੋਂ ਬੁਰਾਈ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰੀਏ।’’ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਦੁਸਹਿਰੇ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿਤੀ।