ਅਗਲੀ ਮਹਾਪੰਚਾਇਤ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿਪਲੀ ’ਚ ਹੋਵੇਗੀ
ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ’ਚ ਐਤਵਾਰ ਨੂੰ ਹੋਈ ਕਿਸਾਨ ਮਹਾਪੰਚਾਇਤ ’ਚ ਚੋਣਾਂ ਦਾ ਨਾ ਤਾਂ ਸਮਰਥਨ ਕਰਨ ਅਤੇ ਨਾ ਹੀ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ। ਇਕ ਕਿਸਾਨ ਆਗੂ ਨੇ ਇਹ ਜਾਣਕਾਰੀ ਦਿਤੀ।
ਭਾਰਤੀ ਕਿਸਾਨ ਨੌਜੁਆਨ ਯੂਨੀਅਨ ਦੀ ਸਰਪ੍ਰਸਤੀ ਹੇਠ ਹਾਈਵੇਅ ’ਤੇ ਵਧੀਕ ਮੰਡੀ ਵਿਖੇ ਹੋਈ ਮਹਾਪੰਚਾਇਤ ’ਚ ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ ’ਚ ਕਿਸਾਨ ਪਹੁੰਚੇ। ਮੀਟਿੰਗ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ ਵੀ ਹਾਜ਼ਰ ਸਨ। ਮਹਾਪੰਚਾਇਤ ਤੋਂ ਪਹਿਲਾਂ ਮੰਡੀ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਪ੍ਰਸ਼ਾਸਨ ਨੇ ਵੀ ਇਸ ’ਤੇ ਨਜ਼ਰ ਰੱਖੀ ਹੋਈ ਸੀ।
ਮਹਾਪੰਚਾਇਤ ’ਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੱਲੇਵਾਲ ਨੇ ਕਿਹਾ, ‘‘ਸਾਡਾ (ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ) ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਡਾ ਉਦੇਸ਼ ਅੰਦੋਲਨ ਨੂੰ ਮਜ਼ਬੂਤ ਕਰਨਾ ਹੈ। ਅਸੀਂ ਚੋਣਾਂ ’ਚ ਨਾ ਤਾਂ ਕਿਸੇ ਦੀ ਮਦਦ ਕਰਾਂਗੇ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਾਂਗੇ। ਅਪਣੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਅਸੀਂ ਲੋਕਾਂ ਨੂੰ ਸਰਕਾਰ ਦੀਆਂ ਅਸਫਲਤਾਵਾਂ ਅਤੇ ਕਿਸਾਨਾਂ ਵਿਰੁਧ ਲਏ ਗਏ ਫੈਸਲਿਆਂ ਤੋਂ ਜਾਣੂ ਕਰਾਵਾਂਗੇ।’’
ਉਨ੍ਹਾਂ ਕਿਹਾ, ‘‘ਅਗਲੀ ਮਹਾਪੰਚਾਇਤ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿਪਲੀ ’ਚ ਹੋਵੇਗੀ। ਜਿਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਅੰਦੋਲਨ ਕਰ ਰਹੇ ਹਾਂ, ਉਹ ਸਿਰਫ ਪੰਜਾਬ ਅਤੇ ਹਰਿਆਣਾ ਦੀਆਂ ਨਹੀਂ ਹਨ, ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਹਨ। ਪੂਰੇ ਦੇਸ਼ ਨੂੰ ਇਸ ਅੰਦੋਲਨ ਨਾਲ ਜੋੜਨ ਲਈ ਦੇਸ਼ ਦੇ ਹਰ ਕੋਨੇ ’ਚ ਮਹਾਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ।’’
ਡੱਲੇਵਾਲ ਨੇ ਕਿਹਾ, ‘‘ਜਿਸ ਤਰ੍ਹਾਂ ਸਰਕਾਰ ਨੇ ਕਿਸਾਨਾਂ ਨੂੰ ਕਿਸਾਨ ਮਹਾਪੰਚਾਇਤ ’ਚ ਆਉਣ ਤੋਂ ਰੋਕਿਆ, ਉਹ ਬਹੁਤ ਸ਼ਰਮਨਾਕ ਅਤੇ ਨਿੰਦਣਯੋਗ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਕਈ ਥਾਵਾਂ ’ਤੇ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਸੀਮੈਂਟ ਬੈਰੀਅਰ ਲਗਾਏ ਗਏ ਸਨ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਉਨ੍ਹਾਂ ਨੂੰ ਨਾ ਪਕਾਉਣ।’’
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ, ‘‘ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਨਹੀਂ ਕਰਦੇ, ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਜੇ ਤੁਸੀਂ ਵੋਟ ਪਾਉਣ ਜਾਓ ਤਾਂ ਪਿਛਲੇ 10 ਸਾਲਾਂ ’ਚ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਹੋਏ ਅੱਤਿਆਚਾਰਾਂ ਨੂੰ ਯਾਦ ਕਰੋ।’’
ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਉਨ੍ਹਾਂ (ਭਾਜਪਾ) ਨੇ ਮਹਾਪੰਚਾਇਤ ਨੂੰ ਰੋਕਣ ਲਈ ਜੋ ਕੀਤਾ ਉਹ ਬਹੁਤ ਨਿੰਦਣਯੋਗ ਹੈ। ਹਰਿਆਣਾ ਦੇ ਲੋਕ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ ਜੋ ਭਾਜਪਾ ਨੇ ਪਿਛਲੇ 10 ਸਾਲਾਂ ’ਚ ਕੀਤਾ ਹੈ। ਉਹ ਨਿਰਾਸ਼ ਹੋ ਕੇ ਕਿਸਾਨਾਂ ’ਤੇ ਅਪਣਾ ਗੁੱਸਾ ਕੱਢ ਰਹੇ ਹਨ।’’