ਪਰਿਵਾਰ ਨੇ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਲੜਕੀ ਨੂੰ ਭੇਜਿਆ ਸੀ ਵਿਦੇਸ਼, ਕੈਥਲ ਨਾਲ ਸਬੰਧਿਤ ਸੀ ਵੈਸ਼ਾਲੀ ਸ਼ਰਮਾ
Vaishali Sharma died in Australia News: ਕੈਥਲ ਦੇ ਸਿਰਸਲ ਪਿੰਡ ਦੀ ਇਕ ਲੜਕੀ ਵੈਸ਼ਾਲੀ ਸ਼ਰਮਾ ਦੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਦਿਮਾਗੀ ਨਾੜੀ ਫਟਣ ਕਾਰਨ ਮੌਤ ਹੋ ਗਈ। ਜਿਵੇਂ ਹੀ ਇਹ ਹਾਦਸਾ ਵਾਪਰਿਆ, ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੈਸ਼ਾਲੀ ਸ਼ਰਮਾ ਲਗਭਗ ਤਿੰਨ ਮਹੀਨੇ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ।
ਵੈਸ਼ਾਲੀ ਸ਼ਰਮਾ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ 19 ਸਾਲਾ ਵੈਸ਼ਾਲੀ ਤਿੰਨ ਮਹੀਨੇ ਪਹਿਲਾਂ ਕੈਥਲ ਦੇ ਸਿਰਸਲ ਪਿੰਡ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੇ ਸਿਡਨੀ ਗਈ ਸੀ। ਬੱਚੀ ਕਾਫ਼ੀ ਸਮੇਂ ਤੋਂ ਜ਼ਿੱਦ ਕਰ ਰਹੀ ਸੀ ਕਿ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ। ਪਰਿਵਾਰ ਨੇ ਲਗਭਗ 20.5 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਲੜਕੀ ਨੂੰ ਪੜ੍ਹਾਈ ਲਈ ਆਸਟ੍ਰੇਲੀਆ ਭੇਜਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੈਸ਼ਾਲੀ ਇਸ ਸਮੇਂ ਬੀ.ਕਾਮ ਦੇ ਦੂਜੇ ਸਾਲ ਵਿੱਚ ਪੜ੍ਹ ਰਹੀ ਸੀ। ਉਸ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬੀ.ਕਾਮ ਦਾ ਪਹਿਲਾ ਸਾਲ ਪੂਰਾ ਕੀਤਾ ਸੀ ਅਤੇ ਸਿਡਨੀ ਦੇ ਇੱਕ ਕਾਲਜ ਵਿੱਚ ਦੂਜੇ ਸਾਲ ਲਈ ਦਾਖ਼ਲਾ ਲਿਆ ਸੀ। ਉਹ ਉੱਥੇ ਰਹਿ ਕੇ ਪੜ੍ਹਾਈ ਕਰ ਰਹੀ ਸੀ। ਲੜਕੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।
ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਵੈਸ਼ਾਲੀ ਦੀਆਂ ਦੋ ਛੋਟੀਆਂ ਭੈਣਾਂ ਹਨ, ਜਿਨ੍ਹਾਂ ਵਿਚੋਂ ਇਕ 11 ਸਾਲ ਦੀ ਹੈ ਅਤੇ 6ਵੀਂ ਜਮਾਤ ਵਿੱਚ ਪੜ੍ਹ ਰਹੀ ਹੈ, ਜਦੋਂ ਕਿ ਦੂਜੀ ਧੀ 9 ਸਾਲ ਦੀ ਹੈ ਅਤੇ ਇਸ ਸਮੇਂ ਚੌਥੀ ਜਮਾਤ ਵਿੱਚ ਪੜ੍ਹ ਰਹੀ ਹੈ। ਪਰਿਵਾਰ ਨੇ ਲੜਕੀ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਉਸ ਦੀ ਮਾਂ ਮੀਨਾ ਦੇਵੀ ਇੱਕ ਘਰੇਲੂ ਔਰਤ ਹੈ।
