ਲੜਕੀ ਨੇ 3 ਸਾਲ ਪਹਿਲਾਂ ਪਿੰਡ ਦੇ ਰਹਿਣ ਵਾਲੇ ਮੁੰਡੇ ਨਾਲ ਕਰਵਾਇਆ ਸੀ ਵਿਆਹ, ਲੜਕੀ ਦਾ ਪ੍ਰਵਾਰ ਵਿਆਹ ਤੋਂ ਸੀ ਨਾਖੁਸ਼
Rohtak Haryana Murder News: ਹਰਿਆਣਾ ਦੇ ਰੋਹਤਕ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਲੜਕੀ ਦੇ ਦਿਉਰ ਨੂੰ ਵੀ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਕਾਹਨੀ ਪਿੰਡ ਵਿੱਚ ਵਾਪਰੀ। ਤਿੰਨ ਸਾਲ ਪਹਿਲਾਂ ਲੜਕੀ ਨੇ ਪਿੰਡ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੇ ਪਰਿਵਾਰ ਨੇ ਵਿਆਹ ਦਾ ਵਿਰੋਧ ਕੀਤਾ ਸੀ। ਹੁਣ ਇਹ ਸਾਹਮਣੇ ਆਇਆ ਹੈ ਕਿ ਇਸੇ ਕਾਰਨ ਉਸ ਦੀ ਹੱਤਿਆ ਕੀਤੀ ਗਈ ਸੀ।
ਜਦੋਂ ਇਹ ਘਟਨਾ ਵਾਪਰੀ ਤਾਂ ਲੜਕੀ ਦਾ ਪਤੀ ਘਰ ਨਹੀਂ ਸੀ। ਸਦਰ ਥਾਣੇ ਦੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਔਰਤ ਦੇ ਸਹੁਰਿਆਂ ਨੇ ਅਜੇ ਤੱਕ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਕਾਹਨੀ ਪਿੰਡ ਦੇ ਰਹਿਣ ਵਾਲੇ ਸੂਰਜ ਦਾ ਤਿੰਨ ਸਾਲ ਪਹਿਲਾਂ ਸਪਨਾ (23) ਨਾਲ ਪ੍ਰੇਮ ਵਿਆਹ ਹੋਇਆ ਸੀ, ਜੋ ਕਿ ਉਸੇ ਪਿੰਡ ਦੀ ਹੀ ਰਹਿਣ ਵਾਲੀ ਸੀ। ਸੂਰਜ ਆਟੋ ਰਿਕਸ਼ਾ ਚਲਾਉਂਦਾ ਹੈ। ਉਨ੍ਹਾਂ ਦਾ ਡੇਢ ਸਾਲ ਦਾ ਪੁੱਤਰ ਹੈ। ਸਪਨਾ ਦਾ ਪਰਿਵਾਰ ਇਸ ਵਿਆਹ ਤੋਂ ਨਾਖੁਸ਼ ਸੀ।
ਇਸੇ ਲਈ ਉਨ੍ਹਾਂ ਦੇ ਲੜਕੇ ਤੇ ਨੂੰਹ ਨੇ ਪਿੰਡ ਦੇ ਬਾਹਰ ਇੱਕ ਘਰ ਕਿਰਾਏ 'ਤੇ ਲਿਆ। ਦੋ-ਤਿੰਨ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਪਿੰਡ ਵਿੱਚ ਆਉਣਾ ਜਾਣਾ ਸ਼ੁਰੂ ਕੀਤਾ ਸੀ।
