
ਫੁੱਟ-ਫੁੱਟ ਕੇ ਰੋਇਆ ਪਿਤਾ, ਲੋਕਾਂ ਨੇ ਮਨੀਸ਼ਾ ਅਮਰ ਰਹੇ ਦੇ ਨਾਅਰੇ ਲਗਾਏ
ਭਿਵਾਨੀ : ਮਹਿਲਾ ਅਧਿਆਪਕਾ ਮਨੀਸ਼ਾ ਦਾ ਅੱਜ ਵੀਰਵਾਰ ਨੂੰ ਸਵੇਰੇ 8 ਵਜੇ ਹਰਿਆਣਾ ਦੇ ਭਿਵਾਨੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਮਨੀਸ਼ਾ ਦੀ ਚਿਖਾ ਨੂੰ ਮੁੱਖ ਅਗਨੀ ਉਸਦੇ ਛੋਟੇ ਭਰਾ ਨਿਤੇਸ਼ ਵੱਲੋਂ ਦਿੱਤੀ ਗਈ। ਇਸ ਮੌਕੇ ਮਨੀਸ਼ਾ ਦਾ ਪਿਤਾ ਸੰਜੇ ਫੁੱਟ-ਫੁੱਟ ਕੇ ਰੋਇਆ ਜਦਕਿ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਮਨੀਸ਼ਾ ਅਮਰ ਦੇ ਨਾਅਰੇ ਵੀ ਲਗਾਏ ਗਏ।
ਇਸ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਭਿਵਾਨੀ ਦੇ ਸਿਵਲ ਹਸਪਤਾਲ ਤੋਂ ਸਿੱਧਾ ਪਿੰਡ ਢਾਣੀ ਲਕਸ਼ਮਣ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਮਨੀਸ਼ਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ। ਅੰਤਿਮ ਸਸਕਾਰ ਸਮੇਂ ਪਿੰਡ ਵਿਚ ਪੁਲਿਸ ਫੋਰਸ ਅਤੇ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਰਹੀ।
ਦਿੱਲੀ ਏਮਜ਼ ’ਚ ਹੋਏ ਪੋਸਟਮਾਰਟਮ ਤੋਂ ਬਾਅਦ ਮਨੀਸ਼ਾ ਦੀ ਮ੍ਰਿਤਕ ਦੇਹ ਨੂੰ ਭਿਵਾਨੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਜਦਕਿ ਇਸ ਤੋਂ ਪਹਿਲਾਂ ਪਰਿਵਾਰ ਬੁੱਧਵਾਰ ਨੂੰ ਸ਼ਾਮ 6 ਵਜੇ ਮਨੀਸ਼ਾ ਦੇ ਅੰਤਿਮ ਸੰਸਕਾਰ ਲਈ ਸਹਿਮਤ ਹੋ ਗਿਆ। ਜਦਕਿ ਪਰਿਵਾਰ ਸਸਕਾਰ ਤੋਂ ਪਹਿਲਾਂ ਰਕਾਰ ਅੱਗੇ 2 ਮੰਗਾਂ ਰੱਖੀਆਂ ਸਨ, ਜਿਸ ਵਿੱਚ ਸੀਬੀਆਈ ਤੋਂ ਮਾਮਲੇ ਦੀ ਜਾਂਚ ਕਰਵਾਉਣਾ ਅਤੇ ਦਿੱਲੀ ਏਮਜ਼ ਵਿੱਚ ਪੋਸਟਮਾਰਟਮ ਕਰਵਾਉਣਾ ਸ਼ਾਮਲ ਸੀ।
ਇਸ ਤੋਂ ਬਾਅਦ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਪਰਿਵਾਰ ਦੀ ਮੰਗ ’ਤੇ ਜਾਂਚ ਸੀਬੀਆਈ ਨੂੰ ਸੌਂਪੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੂਰਾ ਇਨਸਾਫ਼ ਹੋਵੇਗਾ। ਦੁਪਹਿਰ ਤੱਕ ਸਰਕਾਰ ਨੇ ਦੂਜੀ ਮੰਗ ਵੀ ਮੰਨ ਲਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਦਿੱਲੀ ਭੇਜ ਦਿੱਤਾ ਗਿਆ। ਇਸ ਦੌਰਾਨ ਮਨੀਸ਼ਾ ਦੇ ਪਰਿਵਾਰ ਨੂੰ ਵੀ ਪੁਲਿਸ ਨੇ ਦਿੱਲੀ ਲੈ ਜਾਇਆ।
ਇਸ ਤੋਂ ਬਾਅਦ ਮਨੀਸ਼ਾ ਦੇ ਦਾਦਾ ਰਾਮ ਕਿਸ਼ਨ ਨੇ ਵਿਰੋਧ ਪ੍ਰਦਰਸ਼ਨ ਵਿੱਚ ਕਿਹਾ ਕਿ ਸਾਡੀਆਂ ਦੋਵੇਂ ਮੰਗਾਂ ਪੂਰੀਆਂ ਹੋ ਗਈਆਂ ਹਨ। ਅਸੀਂ ਧੀ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਾਂ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ। ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਲਾਪਤਾ ਹੋਈ ਮਨੀਸ਼ਾ ਦੀ ਮ੍ਰਿਤਕ 13 ਅਗਸਤ ਨੂੰ ਖੇਤਾਂ ਵਿਚੋਂ ਪ੍ਰਾਪਤ ਹੋਈ ਸੀ।