ਕਿਹਾ, ਅਜਿਹਾ ਲਗਦੈ ਕਿ ਪੁਲਿਸ ਨੇ ਇਸ ਮੁੱਦੇ ਨੂੰ ਦਬਾਇਆ ਹੈ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 2020 ’ਚ ਸ਼ਹਿਰ ਦੇ ਉੱਤਰ-ਪੂਰਬੀ ਹਿੱਸੇ ’ਚ ਹੋਏ ਦੰਗਿਆਂ ਦੌਰਾਨ ਕਥਿਤ ਤੌਰ ’ਤੇ ਕੁੱਟੇ ਜਾਣ ਅਤੇ ਕੌਮੀ ਗੀਤ ਗਾਉਣ ਲਈ ਮਜਬੂਰ ਕੀਤੇ ਗਏ 23 ਸਾਲ ਦੇ ਵਿਅਕਤੀ ਦੀ ਮੌਤ ਨਾਲ ਜੁੜੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿਤੀ।
ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਕ ਵੀਡੀਉ ’ਚ ਫੈਜ਼ਾਨ ਨੂੰ ਚਾਰ ਹੋਰ ਮੁਸਲਿਮ ਵਿਅਕਤੀਆਂ ਨਾਲ ਕਥਿਤ ਤੌਰ ’ਤੇ ਰਾਸ਼ਟਰੀ ਗੀਤ ਅਤੇ ‘ਵੰਦੇ ਮਾਤਰਮ’ ਗਾਉਣ ਲਈ ਮਜਬੂਰ ਕਰਦੇ ਅਤੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ।
ਫੈਜ਼ਾਨ ਦੀ ਮਾਂ ਨੇ ਪਟੀਸ਼ਨ ਦਾਇਰ ਕਰ ਕੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਫੈਸਲਾ ਸੁਣਾਉਂਦੇ ਹੋਏ ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਕਿਹਾ ਕਿ ਅਣਪਛਾਤੇ ਪੁਲਿਸ ਮੁਲਾਜ਼ਮਾਂ ’ਤੇ ਧਾਰਮਕ ਕੱਟੜਤਾ ਤੋਂ ਪ੍ਰੇਰਿਤ ਹੋ ਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਤੱਥ ਕਿ ਅਪਰਾਧੀ ਖੁਦ ਜਾਂਚ ਏਜੰਸੀ ਦੇ ਮੈਂਬਰ ਹਨ, ਵਿਸ਼ਵਾਸ ਪੈਦਾ ਨਹੀਂ ਕਰਦਾ।
ਜਸਟਿਸ ਭੰਭਾਨੀ ਨੇ ਕਿਹਾ ਕਿ ਪੁਲਿਸ ਜਾਂਚ ਦੌਰਾਨ ਨਫ਼ਰਤੀ ਅਪਰਾਧਾਂ ਨਾਲ ਤੁਰਤ ਨਜਿੱਠਣ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਦੀ ਭਾਵਨਾ ਪੂਰੀ ਨਹੀਂ ਹੋਈ ਹੈ। ਅਦਾਲਤ ਨੇ ਕਿਹਾ ਕਿ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਮੌਜੂਦਾ ਮਾਮਲੇ ’ਚ ਕੁੱਝ ਪੁਲਿਸ ਮੁਲਾਜ਼ਮ ਪਟੀਸ਼ਨਕਰਤਾ ਦੇ ਬੇਟੇ ਵਿਰੁਧ ਭੀੜ ਦੀ ਹਿੰਸਾ ’ਚ ਸ਼ਾਮਲ ਪਾਏ ਗਏ ਹਨ।
ਅਦਾਲਤ ਨੇ ਹੁਕਮ ਦਿਤਾ, ‘‘ਇਨ੍ਹਾਂ ਹਾਲਾਤ ’ਚ, ਇਹ ਅਦਾਲਤ ਪਟੀਸ਼ਨ ਦਾ ਨਿਪਟਾਰਾ ਕਰਨ ਲਈ ਸਹਿਮਤ ਹੁੰਦੀ ਹੈ ਅਤੇ ਹੁਕਮ ਦਿੰਦੀ ਹੈ ਕਿ ਆਈ.ਪੀ.ਸੀ. ਦੀ ਧਾਰਾ 147, 148, 149 ਅਤੇ 302 ਤਹਿਤ ਭਜਨਪੁਰਾ ਥਾਣੇ ’ਚ 28.02.2020 ਨੂੰ ਦਰਜ ਕੇਸ ਦੀ ਜਾਂਚ ਤੁਰਤ ਕਾਨੂੰਨ ਤਹਿਤ ਅਗਲੇਰੀ ਜਾਂਚ ਲਈ ਸੀ.ਬੀ.ਆਈ. , ਨਵੀਂ ਦਿੱਲੀ ਨੂੰ ਤਬਦੀਲ ਕੀਤੀ ਜਾਵੇ।’’
ਹਾਈ ਕੋਰਟ ਨੇ ਅਪਣੇ 38 ਪੰਨਿਆਂ ਦੇ ਹੁਕਮ ’ਚ ਕਿਹਾ ਕਿ ਦਿੱਲੀ ਪੁਲਿਸ ਨੇ ਹੁਣ ਤਕ ਜੋ ਕੀਤਾ ਹੈ, ਉਹ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਕੀਤਾ ਗਿਆ ਹੈ। ਉਸ ਦੀ ਹੁਣ ਤਕ ਦੀ ਜਾਂਚ ’ਚ ਬਹੁਤ ਸਾਰੀਆਂ ਕੁਸੰਗਤੀਆਂ ਅਤੇ ਭਟਕਣਾਂ ਹਨ।
ਵਾਇਰਲ ਵੀਡੀਉ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ ਕਿਹਾ ਕਿ ਤਸਵੀਰਾਂ ’ਚ ਸਾਫ ਵਿਖਾਈ ਦੇ ਰਿਹਾ ਹੈ ਕਿ ਕਈ ਪੁਲਿਸ ਮੁਲਾਜ਼ਮ ਫੈਜ਼ਾਨ ਅਤੇ ਹੋਰ ਨੌਜੁਆਨਾਂ ਨੂੰ ਘੇਰ ਰਹੇ ਹਨ, ਉਨ੍ਹਾਂ ਨੂੰ ਘਸੀਟ ਰਹੇ ਹਨ, ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟ ਰਹੇ ਹਨ, ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੌਮੀ ਗੀਤ ਗਾਉਣ ਲਈ ਮਜਬੂਰ ਕਰ ਰਹੇ ਹਨ।
ਅਦਾਲਤ ਨੇ ਸਵਾਲ ਕੀਤਾ ਕਿ ਘਟਨਾ ਤੋਂ ਬਾਅਦ ਫੈਜ਼ਾਨ ਨੂੰ ਡਾਕਟਰਾਂ ਦੀ ਸਲਾਹ ਅਨੁਸਾਰ ਇਲਾਜ ਲਈ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ ਅਤੇ ਉੱਥੇ ਕੀ ਹੋਇਆ ਇਸ ਬਾਰੇ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ, ‘‘ਅਜਿਹਾ ਲਗਦਾ ਹੈ ਕਿ ਪੁਲਿਸ ਨੇ ਇਸ ਮੁੱਦੇ ਨੂੰ ਦਬਾਇਆ ਹੈ। ਇਹ ਮੰਨ ਕੇ ਵੀ ਕਿ ਹਿਰਾਸਤ ’ਚ ਕੋਈ ਹਿੰਸਾ ਨਹੀਂ ਹੋਈ ਸੀ, ਤੱਥ ਇਹ ਹੈ ਕਿ ਪੁਲਿਸ ਨੇ ਫੈਜ਼ਾਨ ਨੂੰ ਉਸ ਸਮੇਂ ਥਾਣੇ ’ਚ ਰੱਖਿਆ ਜਦੋਂ ਉਸ ਨੂੰ ਸਪੱਸ਼ਟ ਤੌਰ ’ਤੇ ਡਾਕਟਰੀ ਦੇਖਭਾਲ ਦੀ ਲੋੜ ਸੀ। ਅਪਣੇ ਆਪ ’ਚ ਇਹ ਕਰਤੱਵ ਦੀ ਅਪਰਾਧਕ ਅਣਗਹਿਲੀ ਦਾ ਮਾਮਲਾ ਹੈ, ਜਾਂ ਇਸ ਤੋਂ ਵੀ ਬਦਤਰ।’’
ਉੱਤਰ-ਪੂਰਬੀ ਦਿੱਲੀ ’ਚ 24 ਫ਼ਰਵਰੀ 2020 ਨੂੰ ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਾ ਬੇਕਾਬੂ ਹੋਣ ਤੋਂ ਬਾਅਦ ਫਿਰਕੂ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ ’ਚ ਘੱਟੋ ਘੱਟ 53 ਲੋਕ ਮਾਰੇ ਗਏ ਸਨ ਅਤੇ ਲਗਭਗ 700 ਹੋਰ ਜ਼ਖਮੀ ਹੋਏ ਸਨ।