ਸੂਬਾ ਸਰਕਾਰ ਨੇ ਨਿਯੁਕਤੀ ਦੇ ਹੁਕਮ ਕੀਤੇ ਜਾਰੀ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀ ਅਜੇ ਸਿੰਘਲ ਨੂੰ ਨਵਾਂ ਡੀ.ਜੀ.ਪੀ. ਨਿਯੁਕਤ ਕੀਤਾ ਹੈ। ਜਦਕਿ ਓ.ਪੀ. ਸਿੰਘ ਬੁੱਧਵਾਰ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ । ਅਜੇ ਸਿੰਘਲ 1992 ਬੈਚ ਦੇ ਆਈ.ਪੀ. ਐਸ. ਅਧਿਕਾਰੀ ਹਨ ਅਤੇ ਇਸ ਸਮੇਂ ਹਰਿਆਣਾ ਵਿੱਚ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡੀ.ਜੀ.ਪੀ. ਵਜੋਂ ਸੇਵਾ ਨਿਭਾ ਰਹੇ ਹਨ । ਉਹ ਆਪਣੇ ਵਿਆਪਕ ਪ੍ਰਸ਼ਾਸਕੀ ਤਜ਼ਰਬੇ ਅਤੇ ਸਖ਼ਤ ਕਾਰਜਸ਼ੀਲਤਾ ਲਈ ਜਾਣੇ ਜਾਂਦੇ ਹਨ। ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵਿੱਚ ਆਪਣੇ ਕਾਰਜਕਾਲ ਦੌਰਾਨ ਅਜੇ ਸਿੰਘਲ ਨੇ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਕਾਰਵਾਈ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ, ਭ੍ਰਿਸ਼ਟਾਚਾਰ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਗਏ, ਜਿਸ ਨਾਲ ਉਨ੍ਹਾਂ ਨੂੰ ਇੱਕ ਇਮਾਨਦਾਰ ਅਤੇ ਸਖ਼ਤ ਅਧਿਕਾਰੀ ਵਜੋਂ ਮਾਨਤਾ ਮਿਲੀ।
ਜ਼ਿਕਰਯੋਗ ਹੈ ਕਿ ਅਜੇ ਸਿੰਘਲ ਦਾ ਨਾਮ ਡੀ.ਜੀ.ਪੀ. ਦੀ ਦੌੜ ਵਿੱਚ ਸਭ ਤੋਂ ਅੱਗੇ ਸੀ। ਅਜੇ ਸਿੰਘਲ ਤੋਂ ਇਲਾਵਾ, ਆਈ.ਪੀ.ਐਸ. ਅਧਿਕਾਰੀ ਆਲੋਕ ਮਿੱਤਲ ਅਤੇ ਸ਼ਤਰੂਜੀਤ ਕਪੂਰ ਵੀ ਦੌੜ ਵਿੱਚ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜੈ ਸਿੰਘਲ ਦਾ ਆਰ.ਐਸ.ਐਸ. ਨੇਤਾਵਾਂ ਵਿੱਚ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਰਜਕਾਲ ਦੌਰਾਨ ਸਭ ਤੋਂ ਭਰੋਸੇਮੰਦ ਅਧਿਕਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
