
ਇਸਲਾਮਾਬਾਦ/ ਕਾਬੁਲ/ ਨਵੀਂ ਦਿੱਲੀ, 31 ਜਨਵਰੀ : ਉੱਤਰੀ ਅਫ਼ਗਾਨਿਸਤਾਨ 'ਚ ਅੱਜ ਤਾਕਤਵਰ ਭੂਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਭੂਚਾਲ ਏਨਾ ਤੇਜ਼ ਸੀ ਕਿ ਉਸ ਦੇ ਝਟਕੇ ਭਾਰਤ ਅਤੇ ਪਾਕਿਸਤਾਨ 'ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਕਰ ਕੇ ਪਾਕਿਸਤਾਨ 'ਚ ਇਕ ਕੁੜੀ ਦੀ ਮੌਤ ਹੋ ਗਈ ਜਦਕਿ 19 ਜਣੇ ਜ਼ਖ਼ਮੀ ਹੋ ਗਏ। ਭਾਰਤੀ ਸਮੇਂ ਅਨੁਸਾਰ ਭੂਚਾਲ ਦੁਪਹਿਰ 12:37 ਵਜੇ ਆਇਆ। ਇਸ ਦਾ ਕੇਂਦਰ ਹਿੰਦੂਕੁਸ਼ ਪਰਬਤਾਂ 'ਚ ਤਜ਼ਾਕਿਸਤਾਨ ਨਾਲ ਲਗਦੀ ਅਫ਼ਗਾਨਿਸਤਾਨ ਦੀ ਉੱਤਰੀ ਸਰਹੱਦ 'ਤੇ 191 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਬਦਖਸ਼ਾਨ ਸੂਬੇ ਦੇ ਜੁਰਮ ਜ਼ਿਲ੍ਹੇ 'ਚ ਸੀ। ਕਾਬੁਲ 'ਚ ਘੱਟ ਤੋਂ ਘੱਟ ਦੋ ਭਾਰੀ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਲੋਕਾਂ ਨੂੰ ਸੜਕਾਂ 'ਤੇ ਦੌੜਦੇ ਵੇਖਿਆ ਗਿਆ। ਜੁਰਮ ਉਹੀ ਇਲਾਕਾ ਹੈ ਜਿੱਥੇ ਅਕਤੂਬਰ 2015 'ਚ ਆਏ 7.5 ਤੀਬਰਤਾ ਦੇ ਭੂਚਾਲ ਦਾ ਕੇਂਦਰੀ ਸੀ ਜਿਸ 'ਚ 380 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ 'ਚ ਇਲਸਾਮਾਬਾਦ, ਪੇਸ਼ਾਵਰ ਅਤੇ ਲਾਹੌਰ 'ਚ ਲੋਕਾਂ ਨੂੰ ਘਰਾਂ, ਦਫ਼ਤਰਾਂ ਅਤੇ ਸਕੂਲਾਂ 'ਚੋਂ ਤੁਰਤ ਬਾਹਰ ਕਢਿਆ ਗਿਆ। ਪਾਕਿਸਤਾਨ ਦੇ ਕੁਵੇਟਾ 'ਚ ਭੂਚਾਲ ਕਰ ਕੇ ਇਕ ਘਰ ਦੀ ਛੱਤ ਡਿੱਗਣ ਨਾਲ ਇਕ ਕੁੜੀ ਦੀ ਮੌਤ ਹੋ ਗਈ। ਉਪ-ਕਮਿਸ਼ਨਰ ਸ਼ਬੀਰ ਮੇਂਗਾਲ ਨੇ ਕਿਹਾ ਕਿ ਕੁਵੇਟ ਦੇ ਕੁੱਝ ਹਿੱਸਿਆਂ 'ਚ ਵੀ ਭੂਚਾਲ ਦੇ ਅਸਰ ਕਰ ਕੇ ਇਮਾਰਤ ਦੇ ਨੁਕਸਾਨੇ ਜਾਣ ਨਾਲ 12 ਲੋਕ ਜ਼ਖ਼ਮੀ ਹੋ ਗਏ। ਖ਼ੈਬਰ ਪਖਤੂਨਵਾ 'ਚ ਘੱਟ ਤੋਂ ਘੱਟ 10 ਲੋਕ ਜ਼ਖ਼ਮੀ ਹੋ ਗਏ। ਬਚਾਅ ਟੀਮਾਂ ਨੂੰ ਇਲਾਕੇ 'ਚ ਭੇਜਿਆ ਗਿਆ ਹੈ। ਭਾਰਤ 'ਚ ਕਸ਼ਮੀਰ ਵਾਦੀ ਤੋਂ ਲੈ ਕੇ ਦਿੱਲੀ ਤਕ ਵੀ ਝਟਕੇ ਮਹਿਸੂਸ ਕੀਤੇ ਗਏ। ਕਈ ਥਾਵਾਂ 'ਤੇ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਉਹ ਆਪੋ-ਅਪਣੇ ਘਰਾਂ ਤੋਂ ਬਾਹਰ ਆ ਗਏ। ਨਵੀਂ ਦਿੱਲੀ ਦੀ ਮੈਟਰੋ ਸੇਵਾ ਨੂੰ ਕੁੱਝ ਦੇਰ ਲਈ ਰੋਕ ਦਿਤਾ ਗਿਆ। (ਪੀਟੀਆਈ)