
ਮੈਕਸਿਕੋ, 17 ਫ਼ਰਵਰੀ : ਮੈਕਸਿਕੋ ਦੇ ਦੱਖਣ ਅਤੇ ਮੱਧ ਹਿੱਸੇ 'ਚ ਸਨਿਚਰਵਾਰ ਨੂੰ ਤੇਜ਼ ਰਫ਼ਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਸਨ। ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਭੂਚਾਲ ਦਾ ਕੇਂਦਰ ਦੱਖਣ ਸੂਬੇ ਓਕਸਾਕਾ 'ਚ ਪ੍ਰਸ਼ਾਂਤ ਤਟ ਨੇੜੇ ਜ਼ਮੀਨ 'ਚ 43 ਕਿਲੋਮੀਟਰ ਅੰਦਰ ਸੀ। ਜਿਵੇਂ ਹੀ ਤੇਜ਼ ਝਟਕੇ ਮਹਿਸੂਸ ਹੋਏ, ਡਰੇ-ਸਹਿਮੇ ਲੋਕ ਘਰਾਂ, ਦਫ਼ਤਰਾਂ ਅਤੇ ਇਮਾਰਤਾਂ ਤੋਂ ਨਿਕਲ ਕੇ ਬਾਹਰ ਖੁਲ੍ਹੇ ਮੈਦਾਨ 'ਚ ਇਕੱਤਰ ਹੋ ਗਏ।
ਬਿਜਲੀ ਵਿਭਾਗ ਨੇ ਦਸਿਆ ਕਿ ਤੇਜ਼ ਝਟਕਿਆਂ ਕਾਰਨ ਰਾਜਧਾਨੀ ਮੈਕਸਿਕੋ ਸਿਟੀ ਅਤੇ ਦੱਖਣ-ਪਛਮੀ ਚਾਰ ਸੂਬਿਆਂ ਦੇ ਲਗਭਗ 10 ਲੱਖ ਘਰਾਂ ਅਤੇ ਦੁਕਾਨਾਂ ਦੀ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ ਹੈ। ਓਕਸਾਕਾ ਦੇ ਦੱਖਣ ਸੂਬੇ 'ਚ ਘੱਟੋ-ਘੱਟ 50 ਘਰਾਂ ਨੂੰ ਭੂਚਾਲ ਕਾਰਨ ਨੁਕਸਾਨ ਪਹੁੰਚਿਆ ਹੈ।
ਜ਼ਿਕਰਯੋਗ ਹੈ ਕਿ 19 ਸਤੰਬਰ 2017 ਨੂੰ ਵੀ ਮੈਕਸਿਕੋ 'ਚ 7.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 370 ਲੋਕਾਂ ਦੀ ਮੌਤ ਹੋ ਗਈ ਸੀ। ਇਸ ਭੂਚਾਲ ਕਾਰਨ ਮੈਕਸਿਕੋ ਸਿਟੀ 'ਚ 167, ਮੋਰੇਲਾਸ 'ਚ 73, ਪਿਊਬੇਲਾ 'ਚ 45 ਲੋਕ ਮਾਰੇ ਗਏ ਸਨ। ਇਹ ਭੂਚਾਲ ਸਾਲ 1985 ਮਗਰੋਂ ਆਏ ਭੂਚਾਲਾਂ ਤੋਂ ਵੱਧ ਸ਼ਕਤੀਸ਼ਾਲੀ ਸੀ। (ਪੀਟੀਆਈ)