
ਵਾਸ਼ਿੰਗਟਨ, 3 ਫ਼ਰਵਰੀ : ਅਮਰੀਕਾ 'ਚ ਫ਼ਲੂ ਅਪਣੇ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਹੁਣ ਤਕ 53 ਲੋਕਾਂ ਦੀ ਮੌਤ ਹੋ ਚੁਕੀ ਹੈ।ਅਮਰੀਕੀ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਇਹ ਫ਼ਲੂ ਪਿਛਲੇ 10 ਸਾਲਾਂ ਦੇ ਸੱਭ ਤੋਂ ਖ਼ਤਰਨਾਕ ਪੱਧਰ 'ਤੇ ਹੈ, ਜਿਸ ਨੇ ਹਜ਼ਾਰਾਂ ਅਮਰੀਕੀਆਂ ਨੂੰ ਹਸਪਤਾਲ ਪਹੁੰਚਾ ਦਿਤਾ ਹੈ। ਉਥੇ ਹੀ ਯੂਰਪ ਸਮੇਤ ਦੁਨੀਆਂ ਦੇ ਕਈ ਹਿੱਸਿਆਂ 'ਚ ਇਨੀਂ ਦਿਨੀਂ ਫ਼ਲੂ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ 'ਚ ਫ਼ਲੂ ਕਾਰਨ ਇਸ ਹਫ਼ਤੇ ਹੁਣ ਤਕ 16 ਬੱਚਿਆਂ ਦੀ ਮੌਤ ਹੋ ਚੁਕੀ ਹੈ। ਅਮਰੀਕਾ ਦੀ ਪ੍ਰਤੀ 1,00,000 ਆਬਾਦੀ 'ਚੋਂ ਲਗਭਗ 52 ਲੋਕ ਹਸਪਤਾਲ ਵਿਚ ਦਾਖਲ ਹਨ।
ਇਸ ਤੋਂ ਪਹਿਲਾਂ 2014-2015 ਦਰਮਿਆਨ 7,10,000 ਲੋਕਾਂ ਨੂੰ ਫ਼ਲੂ ਕਾਰਨ ਹਸਪਤਾਲ 'ਚ ਦਾਖ਼ਲ ਹੋਣਾ ਪਿਆ ਸੀ, ਜਿਨ੍ਹਾਂ 'ਚੋਂ 148 ਲੋਕਾਂ ਦੀ ਮੌਤ ਹੋ ਗਈ ਸੀ। ਇਕ ਨਿਊਜ਼ ਏਜੰਸੀ ਅਨੁਸਾਰ ਜਿਸ ਤਰ੍ਹਾਂ ਤੇਜ਼ੀ ਨਾਲ ਇਹ ਫ਼ਲੂ ਫੈਲ ਰਿਹਾ ਹੈ ਅਤੇ ਹਪਸਤਾਲ 'ਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਇਸ ਨਾਲ 2014-15 ਦਾ ਵੀ ਰੀਕਾਰਡ ਟੁੱਟਦਾ ਦਿਸ ਰਿਹਾ ਹੈ।ਅਮਰੀਕਾ ਪਿਛਲੇ 10 ਹਫ਼ਤਿਆਂ ਤੋਂ ਫ਼ਲੂ ਨਾਲ ਜੂਝ ਰਿਹਾ ਹੈ ਅਤੇ ਫਿਲਹਾਲ ਅਜਿਹਾ ਲੱਗ ਰਿਹਾ ਹੈ ਕਿ ਇਸ ਦਾ ਅਸਰ ਅਜੇ ਵੀ ਜਾਰੀ ਰਹੇਗਾ। ਫ਼ਲੂ ਅਮਰੀਕਾ ਦੇ 48 ਰਾਜਾਂ 'ਚ ਤੇਜ਼ੀ ਨਾਲ ਫੈਲ ਚੁੱਕਾ ਹੈ। (ਪੀਟੀਆਈ)