
ਵਾਸ਼ਿੰਗਟਨ, 22 ਨਵੰਬਰ : ਅਮਰੀਕਾ ਨੇ ਉੱਤਰ ਕੋਰੀਆ ਨਾਲ ਵਪਾਰ ਕਰਨ ਵਾਲੇ ਚੀਨੀ ਵਪਾਰੀਆਂ ਅਤੇ ਉੱਤਰ ਕੋਰੀਆਈ ਜਹਾਜ਼ਾਂ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ, ਜਿਸ ਕਾਰਨ ਅਲੱਗ-ਥਲੱਗ ਪਏ ਇਸ ਦੇਸ਼ 'ਤੇ ਅਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਦਾ ਦਬਾਅ ਇਕ ਵਾਰ ਫਿਰ ਵੱਧ ਗਿਆ ਹੈ।ਇਹ ਕਦਮ ਉਦੋਂ ਚੁਕਿਆ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਅਤਿਵਾਦ ਸਹਿਯੋਗੀ ਦੇਸ਼ ਐਲਾਨਿਆ ਸੀ। ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨੁਚਿਨ ਨੇ ਕਿਹਾ, ''ਇਨ੍ਹਾਂ ਪਾਬੰਦੀਆਂ 'ਚ ਉਹ ਕੰਪਨੀਆਂ ਵੀ ਸ਼ਾਮਲ ਹਨ, ਜੋ ਉੱਤਰ ਕੋਰੀਆ ਨਾਲ ਲੱਖਾਂ ਡਾਲਰ ਦੇ ਵਪਾਰ ਵਿਚ ਸ਼ਾਮਲ ਹਨ। ਅਸੀਂ ਆਵਾਜਾਈ ਕੰਪਨੀਆਂ ਅਤੇ ਉਨ੍ਹਾਂ ਦੇ ਜਹਾਜ਼ਾਂ 'ਤੇ ਵੀ ਪਾਬੰਦੀਆਂ ਲਗਾ ਰਹੇ ਹਾਂ, ਜਿਸ ਤੋਂ ਉੱਤਰ ਕੋਰੀਆ ਦੇ ਵਪਾਰ ਅਤੇ ਉਸ ਦੇ ਯੁੱਧ ਅਭਿਆਸ ਕਰਨ 'ਚ ਸਹਿਯੋਗ ਮਿਲਦਾ ਹੈ।
ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਾਬੰਦੀਆਂ ਦਾ ਇਹ ਐਲਾਨ ਕਿਮ ਜੋਂਗ ਉਨ ਦੀ ਸਰਕਾਰ ਵਿਰੁਧ ਜ਼ਿਆਦਾ ਦਬਾਅ ਬਣਾਉਣ ਦੀ ਮੁਹਿੰਮ ਦਾ ਹਿੱਸਾ ਹੈ। ਅਮਰੀਕਾ ਨੇ ਪਾਬੰਦੀਆਂ ਦੀ ਸੂਚੀ ਨੂੰ ਵਧਾਉਂਦਿਆਂ ਚੀਨ ਦੀ ਉਨ੍ਹਾਂ ਕੰਪਨੀਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਹੈ, ਜਿਨ੍ਹਾਂ 'ਤੇ ਉੱਤਰ ਕੋਰੀਆ ਨਾਲ ਕਾਰੋਬਾਰ ਕਰਨ ਦਾ ਦੋਸ਼ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਚੀਨ ਸਥਿਤ ਕੁਝ ਬੈਂਕਾਂ ਅਤੇ ਕੰਪਨੀਆਂ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਉਲੰਘਣਾ ਕਰ ਕੇ ਉੱਤਰ ਕੋਰੀਆ ਨਾਲ ਵਪਾਰ ਕਰ ਰਹੀਆਂ ਹਨ। (ਪੀਟੀਆਈ)