
ਅਮਰੀਕਾ ਤੋਂ ਭਾਰਤ ਨਾਲ ਜੰਗਬੰਦੀ ਲਈ ਫੋਨ ਆਇਆ ਸੀ
Pakistan's Foreign Minister Ishaq Dar News: ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ ਉਤੇ ਚਰਚਾ ਲਈ ਭਾਰਤ ਨਾਲ ਵਿਆਪਕ ਗੱਲਬਾਤ ਲਈ ਤਿਆਰ ਹੈ। ਡਾਰ ਨੇ ਇਸਲਾਮਾਬਾਦ ’ਚ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਗੱਲਬਾਤ ਹੋਵੇਗੀ, ਉਹ ਸਿਰਫ ਕਸ਼ਮੀਰ ਉਤੇ ਨਹੀਂ ਹੋਵੇਗੀ, ਸਗੋਂ ਸਾਰੇ ਮੁੱਦਿਆਂ ਉਤੇ ਹੋਵੇਗੀ।
ਭਾਰਤ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ ਅਤੇ ਅਤਿਵਾਦ ਦੇ ਮੁੱਦੇ ਉਤੇ ਹੀ ਪਾਕਿਸਤਾਨ ਨਾਲ ਗੱਲਬਾਤ ਕਰੇਗਾ। ਡਾਰ, ਜੋ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿਤਾ ਸੀ ਕਿ ਭਾਰਤ ਨਾਲ ਗੱਲਬਾਤ ਕਿਸੇ ਇਕ ਨੁਕਾਤੀ ਏਜੰਡੇ ਉਤੇ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਿਸੇ ਵਿਚੋਲਗੀ ਦੀ ਬੇਨਤੀ ਨਹੀਂ ਕੀਤੀ ਸੀ ਪਰ ਉਸ ਨੂੰ ਨਿਰਪੱਖ ਸਥਾਨ ਉਤੇ ਬੈਠਕ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ, ‘‘ਸਾਨੂੰ ਕਿਸੇ ਨਿਰਪੱਖ ਸਥਾਨ ਉਤੇ ਬੈਠਣ ਲਈ ਕਿਹਾ ਗਿਆ ਸੀ ਅਤੇ ਮੈਂ ਕਿਹਾ ਸੀ ਕਿ ਜੇਕਰ ਅਜਿਹਾ ਹੈ ਤਾਂ ਅਸੀਂ ਮਿਲਣ ਲਈ ਤਿਆਰ ਹਾਂ।’’
ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਨਾਲ ਜੰਗਬੰਦੀ ਲਈ ਫੋਨ ਆਇਆ ਸੀ। ਡਾਰ ਨੇ ਕਿਹਾ, ‘‘ਮੈਨੂੰ ਅਮਰੀਕਾ ਤੋਂ ਜੰਗਬੰਦੀ ਲਈ ਫੋਨ ਆਇਆ ਸੀ। ਮੈਂ ਸਪੱਸ਼ਟ ਕਰ ਦਿਤਾ ਸੀ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ।’’ ਡਾਰ ਨੇ ਕਿਹਾ ਕਿ ਭਾਰਤ ਨਾਲ ਜੰਗਬੰਦੀ ਸਮਝੌਤਾ ਚੱਲ ਰਿਹਾ ਹੈ। (ਪੀਟੀਆਈ)
(For more news apart from “Pakistan's Foreign Minister Ishaq Dar, ” stay tuned to Rozana Spokesman.)