
ਵਾਸ਼ਿੰਗਟਨ: ਪੰਜਵੀਂ ਸ਼੍ਰੇਣੀ ਦੇ ਸ਼ਕਤੀਸ਼ਾਲੀ ਤੂਫਾਨ ਇਰਮਾ ਦੇ ਸੂਬੇ ਵੱਲ ਵਧਣ ਦੀਆਂ ਖਬਰਾਂ ਦਰਮਿਆਨ ਸਮੁੰਦਰੀ ਕੰਢੇ ਫਲੋਰੀਡਾ 'ਚ ਰਹਿਣ ਵਾਲੇ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪੋ-ਆਪਣੇ ਘਰ ਛੱਡ ਕੇ ਜਾਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਰਮਾ ਦੇ ਕੱਲ੍ਹ ਫਲੋਰੀਡਾ ਪਹੁੰਚਣ ਦਾ ਖਦਸ਼ਾ ਹੈ ਅਤੇ ਜਿਸ ਤਰ੍ਹਾਂ ਦਾ ਇਸ ਦਾ ਵੇਗ ਹੈ, ਇਹ ਸਮੁੱਚੇ ਫਲੋਰੀਡਾ ਅਤੇ ਨੇੜਲੇ ਇਲਾਕਿਆਂ 'ਚ ਭਾਰੀ ਤਬਾਹੀ ਮਚਾ ਸਕਦਾ ਹੈ। ਫਲੋਰੀਡਾ 'ਚ ਅਧਿਕਾਰੀਆਂ ਨੇ 56 ਲੱਖ ਲੋਕਾਂ ਨੂੰ ਸਥਾਨ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਇਹ ਸੂਬੇ ਦੀ ਤਕਰੀਬਨ ਇੱਕ ਚੌਥਾਈ ਆਬਾਦੀ ਹੈ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੋ ਲੋਕ ਸਥਾਨ ਖਾਲੀ ਨਹੀਂ ਕਰਨਗੇ ਉਹ ਇਰਮਾ ਦੇ ਆਉਣ ਤੋਂ ਬਾਅਦ ਬਚਾਅ ਸੇਵਾ ਦੀ ਉਮੀਦ ਨਹੀਂ ਕਰ ਸਕਦੇ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁੱਖ ਬ੍ਰਾਕ ਲਾਂਗ ਨੇ ਕਿਹਾ ਕਿ ਸਵਾਲ ਇਹ ਨਹੀਂ ਕਿ ਫਲੋਰੀਡਾ ਪ੍ਰਭਾਵਿਤ ਹੋਵੇਗਾ। ਸਵਾਲ ਇਹ ਹੈ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ। ਲਾਂਗ ਨੇ ਕਿਹਾ ਕਿ ਤੂਫਾਨ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ ਜੋ ਅਮਰੀਕਾ ਅਤੇ ਫਲੋਰੀਡਾ ਜਾਂ ਦੱਖਣ ਪੂਰਬੀ ਸੂਬਿਆਂ 'ਚ ਤਬਾਹੀ ਮਚਾਉਣ ਜਾ ਰਿਹਾ ਹੈ।
ਅਲਬਾਮਾ ਤੋਂ ਉੱਤਰ ਕੈਰੋਲੀਨਾ ਤੱਕ ਹਰ ਕਿਸੇ ਨੂੰ ਇਸ ਤੂਫਾਨ ਦੀ ਹਲਚਲ 'ਤੇ ਨੇੜੇ ਤੋਂ ਨਜ਼ਰ ਰੱਖਣੀ ਚਾਹੀਦੀ ਹੈ। ਫਲੋਰੀਡਾ 'ਚ ਹਜ਼ਾਰਾਂ ਭਾਰਤੀ ਅਮਰੀਕੀ ਰਹਿੰਦੇ ਹਨ। ਇਸ ਤੋਂ ਇਲਾਵਾ ਸਮੁੰਦਰੀ ਕੰਢੇ ਸਥਿਤ ਫਲੋਰੀਡਾ 'ਚ ਇਰਮਾ ਦੇ ਆਉਣ ਤੋਂ ਬਾਅਦ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਰੱਖਿਆ ਵਿਭਾਗ ਨੇ ਹਜ਼ਾਰਾਂ ਫੈਡਰਲ ਮੁਲਾਜ਼ਮਾਂ ਅਤੇ ਕਈ ਹਜ਼ਾਰ ਫੌਜੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਇਰਮਾ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੂੰ ਹਾਲ ਹੀ 'ਚ ਅਮਰੀਕਾ ਦੇ ਟਾਪੂਆਂ ਅਤੇ ਨੇੜਲੇ ਟਾਪੂਆਂ 'ਤੇ ਤੂਫਾਨ ਦੇ ਪ੍ਰਭਾਵ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਨਾਲ ਹੀ ਉਨ੍ਹਾਂ ਨੂੰ ਫੈਡਰਲ ਅਤੇ ਖੇਤਰੀ ਸਰਕਾਰਾਂ ਵਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਫਲੋਰੀਡਾ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ।