
ਜਲੰਧਰ: ਸੂਬੇ 'ਚ ਸਰਕਾਰ ਵਲੋਂ ਉਦਯੋਗਿਕ ਵਾਤਾਵਰਣ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਵੇਖਦਿਆਂ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀ. ਈ.) ਨੇ ਪੰਜਾਬ ਵਿਚ 2400 ਮੈਗਾਵਾਟ ਦਾ ਗੈਸ ਆਧਾਰਿਤ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ 4.81 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਕੀਤੀ ਜਾ ਸਕੇ।
ਕੰਪਨੀ ਦੇ ਅਹੁਦੇਦਾਰਾਂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਕਤ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ 4 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ, ਜਿਸ ਨੂੰ 15 ਦਿਨਾਂ ਵਿਚ ਸਮੁੱਚੇ ਪ੍ਰਸਤਾਵ 'ਤੇ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੀ. ਈ. ਕੰਪਨੀ ਦੇ ਸੀ. ਈ. ਓ. ਦੀਪੇਸ਼ ਨੰਦਾ ਨੇ ਪ੍ਰਸਤਾਵ ਅਗਲੇ 15 ਦਿਨਾਂ ਵਿਚ ਪੇਸ਼ ਕਰਨ ਦੀ ਗੱਲ ਕਹੀ।
ਸੀਐਮ ਨੇ ਕੰਪਨੀ ਨੂੰ ਰੋਪੜ ਦੇ ਥਰਮਲ ਪਲਾਂਟ ਦੀ ਜਗ੍ਹਾ ਇਹ ਪਲਾਂਟ ਲਗਾਉਣ ਦਾ ਸੁਝਾਅ ਦਿੱਤਾ। ਰੋਪੜ ਵਿੱਚ ਲੱਗਿਆ ਹੋਇਆ 1100 ਮੇੇਗਾਵਾਟ ਦਾ ਸੁਪਰ ਥਰਮਲ ਪਲਾਂਟ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ ਅਤੇ ਸਰਕਾਰ ਨੇ ਇਸਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਨੇ ਸੂਬੇ ਵਿੱਚ ਕਿਸੇ ਵੀ ਥਾਂ ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ ਪਰ ਰੋਪੜ ਨੂੰ ਅਗੇਤ ਦਿੱਤੀ ਹੈ ਕਿਉਂਕਿ ਇੱਥੇ ਗੈਸ ਪਾਇਪ ਲਾਈਨ ਦਾ ਨੈੱਟਵਰਕ ਪਹਿਲਾਂ ਤੋਂ ਹੀ ਮੌਜੂਦ ਹੈ। ਕੰਪਨੀ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਲੋਡ ਸੈਂਟਰ ਵਿੱਚ ਗੈਸ ਪਾਵਰ ਪਲਾਂਟ ਸਥਾਪਤ ਕਰਨ ਵਿੱਚ ਵੀ ਰੁਚੀ ਵਿਖਾਈ ਹੈ।
ਮੁੱਖ ਮੰਤਰੀ ਵਲੋਂ ਗਠਿਤ ਕਮੇਟੀ ਵਿਚ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ (ਜਨਰੇਸ਼ਨ) ਐੱਮ. ਆਰ. ਪ੍ਰਹਾਰ ਤੇ ਡਾਇਰੈਕਟਰ ਫਾਇਨਾਂਸ ਐੱਸ. ਸੀ. ਅਰੋੜਾ ਤੋਂ ਇਲਾਵਾ ਵਧੀਕ ਸੀ. ਈ. ਓ. ਇਨਵੈਸਟ ਰਜਤ ਅਗਰਵਾਲ ਨੂੰ ਬਤੌਰ ਕਨਵੀਨਰ ਬਣਾਇਆ ਗਿਆ ਹੈ। ਕਮੇਟੀ ਵਲੋਂ ਮੁੱਖ ਮੰਤਰੀ ਨੂੰ ਦੱਸਿਆ ਜਾਵੇਗਾ ਕਿ ਗੈਸ ਆਧਾਰਿਤ ਪਾਵਰ ਪਲਾਂਟ ਲਾਉਣ ਲਈ ਆਈ. ਪੀ. ਪੀ. ਜਾਂ ਈ. ਪੀ. ਸੀ. ਵਿਚੋਂ ਕਿਹੜਾ ਮਾਡਲ ਅਪਣਾਇਆ ਜਾਵੇ। ਪਲਾਂਟ ਲਾਉਣ ਲਈ ਜਗ੍ਹਾ ਦੀ ਚੋਣ ਸਬੰਧੀ ਵੀ ਸਿਫਾਰਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਰੋਪੜ ਦੇ ਨੇੜੇ ਪਲਾਂਟ ਲਾਉਣ ਦੀ ਗੱਲ ਕਹੀ ਹੈ ਕਿਉਂਕਿ ਥਰਮਲ ਪਲਾਂਟ 35 ਸਾਲ ਪੁਰਾਣਾ ਹੋ ਚੁੱਕਾ ਹੈ।
ਜੀ. ਈ. ਕੰਪਨੀ ਨੇ ਸੂਬੇ ਨਾਲ ਮਿਲ ਕੇ ਲੁਧਿਆਣਾ ਤੇ ਅੰਮ੍ਰਿਤਸਰ ਜਾਂ ਕਿਸੇ ਹੋਰ ਸਥਾਨ 'ਤੇ ਗੈਸ ਆਧਾਰਿਤ ਪਾਵਰ ਪਲਾਂਟ ਲਾਉਣ ਵਿਚ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਮੰਨਦੇ ਹਨ ਕਿ ਤਜਵੀਜ਼ਤ ਗੈਸ ਪਲਾਂਟ ਨਾਲ ਸੂਬਾ ਸਰਕਾਰ ਦੇ ਕੰਢੀ ਖੇਤਰ ਨੂੰ ਇੰਡਸਟਰੀਅਲ ਜ਼ੋਨ ਦੇ ਰੂਪ ਵਿਚ ਵਿਕਸਿਤ ਕਰਨ ਦੇ ਪ੍ਰਸਤਾਵ ਨੂੰ ਹੱਲਾਸ਼ੇਰੀ ਮਿਲੇਗੀ, ਨਾਲ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਵੀ ਉਦਯੋਗਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਬਿਜਲੀ ਦੇ ਭਾਰੀ ਲੋਡ ਨੂੰ ਵੇਖਦਿਆਂ ਉਥੇ ਪਾਵਰ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ।
ਕੰਪਨੀ ਨੇ ਇਸ ਸਮੇਂ ਦੇਸ਼ ਭਰ ਵਿਚ 150 ਗੈਸ ਪਾਵਰ ਪਲਾਂਟਾਂ ਵਿਚ 275 ਗੈਸ ਟਰਬਾਈਨਾਂ ਲਾਈਆਂ ਹੋਈਆਂ ਹਨ।
ਕੋਇਲੇ ਦੀ ਬਜਾਏ ਗੈਸ ਆਧਾਰਿਤ ਪਲਾਂਟ ਪਰਿਆਵਰਣ ਦੀ ਨਜ਼ਰ ਤੋਂ ਵੀ ਚੰਗਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪਲਾਂਟ ਲਈ ਸਿਰਫ 35 ਏਕੜ ਜ਼ਮੀਨ ਦੀ ਜ਼ਰੂਰਤ ਹੈ ਅਤੇ 20 ਮਹੀਨਿਆਂ ਵਿੱਚ ਇਹ ਪਲਾਂਟ ਲੱਗ ਜਾਵੇਗਾ ਜਦੋਂ ਕਿ ਥਰਮਲ ਪਲਾਂਟ ਲਗਾਉਣ ਵਿੱਚ 48 ਮਹੀਨਿਆਂ ਦੀ ਜ਼ਰੂਰਤ ਹੁੰਦੀ ਹੈ।
ਕੈਲਾਸ਼ ਸਤਿਆਰਥੀ ਨੇ ਮੁੱਖਮੰਤਰੀ ਨਾਲ ਮੁਲਾਕਾਤ ਕੀਤੀ
ਭਾਰਤ ਯਾਤਰਾ ਉੱਤੇ ਨਿਕਲੇ ਕੈਲਾਸ਼ ਸਤਿਆਰਥੀ ਨੇ ਵੀਰਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕੈਲਾਸ਼ ਸਤਿਆਰਥੀ ਨੂੰ 2014 ਵਿੱਚ ਸ਼ਾਂਤੀ ਲਈ ਨੋਬੇਲ ਪੁਰਸਕਾਰ ਮਿਲ ਚੁੱਕਿਆ ਹੈ। ਮੁੱਖਮੰਤਰੀ ਨੇ ਸਤਿਆਰਥੀ ਨੂੰ ਭਰੋਸਾ ਦਿੱਤਾ ਕਿ ਪੰਜਾਬ ਨੂੰ ਬੱਚਿਆਂ ਲਈ ਸੁਰੱਖਿਅਤ ਸੂਬੇ ਦੇ ਰੂਪ ਵਿੱਚ ਮਾਡਲ ਸਟੇਟ ਦੇ ਤੌਰ ਉੱਤੇ ਉਭਾਰਿਆ ਜਾਵੇਗਾ। ਸੂਬੇ ਵਿੱਚ ਬੱਚਿਆਂ ਦੇ ਹਿਤੈਸ਼ੀ ਪੁਲਿਸ ਥਾਣੇ ਸਥਾਪਤ ਹੋਣਗੇ। ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ।