
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਲਈ ਅਮਰੀਕਾ ਸਭ ਤੋਂ ਪਹਿਲਾਂ America First ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਇਕੱਲਾ ਹੈ। ਸ਼ੁੱਕਰਵਾਰ ਨੂੰ ਸਵਿੱਟਜ਼ਰਲੈਂਡ ਦੇ ਦਾਵੋਸ 'ਚ ਵਰਲਡ ਇਕਨਾਮਿਕ ਫੋਰਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਮੁਕਤ ਵਪਾਰ ਦਾ ਸਮਰਥਨ ਕਰਦੇ ਹਾਂ, ਪਰ ਇਸ ਦੇ ਲਈ ਜ਼ਰੂਰੀ ਹੈ ਕਿ ਇਹ ਨਿਰਪੱਖ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁਕਤ ਵਪਾਰ ਲਈ ਹੋਰਨਾਂ ਦੇਸ਼ਾਂ ਨਾਲ ਨਿਰਪੱਖਤਾ ਜ਼ਰੂਰੀ ਹੈ।
ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ। ਜੇਕਰ ਕੁਝ ਦੇਸ਼ ਸਿਸਟਮ ਦਾ ਗਲਤ ਇਸਤੇਮਾਲ ਕਰਦੇ ਹਨ ਤਾਂ ਅਸੀਂ ਮੁਕਤ ਅਤੇ ਖੁਲ੍ਹੇ ਵਪਾਰ ਦਾ ਸਮਰਥਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਹੁਣ ਅਮਰੀਕਾ ਬੇਲੋੜੇ ਵਪਾਰ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਵਿਆਪਕ ਪੱਧਰ 'ਤੇ ਬੌਧਿਕ ਸੰਪਤੀ ਦੀ ਚੌਰੀ, ਇੰਡਸਟ੍ਰੀਅਲ ਸਬਸਿਡੀਜ਼ ਅਤੇ ਰਾਜ ਦੀ ਅਗਵਾਈ ਕਰਨ ਵਾਲੀ ਆਰਥਿਕ ਯੋਜਨਾ ਗਲੋਬਲ ਮਾਰਕਿਟ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਨਿਵੇਸ਼ ਕਰਨ ਦਾ ਇਹ ਚੰਗਾ ਸਮਾਂ ਹੈ। ਅਮਰੀਕਾ ਵਪਾਰ ਦੇ ਲਈ ਖੁਲ੍ਹਾ ਹੈ, ਅਸੀਂ ਇਕ ਵਾਰ ਫਿਰ ਤੋਂ ਮੁਕਾਬਲਾ ਕਰ ਰਹੇ ਹਾਂ। ਅਮਰੀਕਾ ਦੀ ਅਰਥ-ਵਿਵਸਥਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਹੈ। ਅਸੀਂ ਵਪਾਰ ਨੂੰ ਵਧੀਆ ਬਣਾਉਣ ਲਈ ਟੈਕਸ 'ਚ ਸੁਧਾਰ ਅਤੇ ਕਟੌਤੀ ਕੀਤੀ ਹੈ। ਇਸ ਦੌਰਾਨ ਟਰੰਪ ਨੇ ਮੀਡੀਆ ਨੂੰ ਇੰਨੀ ਜ਼ਿਆਦਾ ਆਜ਼ਾਦੀ ਦਿੱਤੇ ਜਾਣ ਵੀ ਸਖਤ ਨਿੰਦਾ ਕੀਤੀ।
ਦਾਵੋਸ 'ਚ ਟਰੰਪ ਨੇ ਕਿਹਾ, ''ਮੈਂ ਇੱਥੇ ਅਮਰੀਕਾ ਦੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹਾਂ। ਨਾਲ ਹੀ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਅਮਰੀਕਾ ਦੇ ਦੋਸਤ ਅਤੇ ਸਹਿਯੋਗੀ ਦੁਨੀਆ ਨੂੰ ਬਿਹਤਰ ਬਣਾ ਰਹੇ ਹਨ।'' ਉਨ੍ਹਾਂ ਕਿਹਾ ਕਿ ਹਰੇਕ ਬੱਚੇ ਦੀ ਪਾਲਣਾ ਹਿੰਸਾ, ਗਰੀਬੀ ਅਤੇ ਡਰ ਤੋਂ ਮੁਕਤ ਮਾਹੌਲ 'ਚ ਹੋਵੇ। ਟਰੰਪ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਆਈ. ਐੱਸ. ਆਈ. ਐੱਸ. ਜਿਹੇ ਅੱਤਵਾਦੀ ਸੰਗਠਨਾਂ ਦਾ ਵਿਨਾਸ਼ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕੀ ਅਗਵਾਈ ਵਾਲੇ ਗਠਜੋੜ ਨੂੰ ਇਹ ਜਾਣਕਾਰੀ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਰਾਕ ਅਤੇ ਸੀਰੀਆ ਨੂੰ ਆਈ. ਐੱਸ. ਆਈ. ਐੱਸ. ਦੇ ਕਬਜ਼ੇ ਤੋਂ ਆਜ਼ਾਦ ਕਰਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਹਫਤੇ ਪ੍ਰਧਾਨ ਮੰਤਰੀ ਮੋਦੀ ਨੇ ਵਰਲਡ ਇਕਨਾਮਿਕ ਫੋਰਮ ਨੂੰ ਸੰਬੋਧਿਤ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੇ ਅੱਤਵਾਦ, ਜਲਵਾਯੂ ਪਰਿਵਰਤਨ ਅਤੇ ਸੁਰੱਖਿਆਵਾਦ ਨੂੰ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਦੱਸੀਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਦਾਵੋਸ 'ਚ ਦਿੱਤੇ ਗਏ ਭਾਸ਼ਣ ਦੀ ਦੁਨੀਆ ਭਰ 'ਚ ਚਰਚਾ ਹੋਈ ਸੀ। ਇਥੋਂ ਤੱਕ ਕਿ ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਵੀ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਤਰੀਫ ਕੀਤੀ ਸੀ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਰੱਖਿਆਵਾਦ ਖਿਲਾਫ ਦਿੱਤਾ ਭਾਸ਼ਣ ਸੁਣਿਆ ਹੈ। ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਦਾ ਬਿਆਨ ਦਰਸਾਉਂਦਾ ਹੈ ਕਿ ਮੌਜੂਦਾ ਸਮੇਂ 'ਚ ਗਲੋਬਲਾਈਜੇਸ਼ ਦੁਨੀਆ ਦਾ ਟ੍ਰੈਂਡ ਬਣ ਗਿਆ ਹੈ। ਇਸ ਨਾਲ ਵਿਕਸਤ ਦੇਸ਼ਾਂ ਸਮੇਤ ਸਾਰੇ ਮੁਲਕਾਂ ਨੂੰ ਫਾਇਦਾ ਪਹੁੰਚਦਾ ਹੈ। ਸੁਰੱਖਿਆਵਾਦ ਖਿਲਾਫ ਲੜਣ ਅਤੇ ਗਲੋਬਲਾਈਜੇਸ਼ਨ ਨੂੰ ਵਧਾਉਣ ਲਈ ਭਾਰਤ ਅਤੇ ਚੀਨ 'ਚ ਕਾਫੀ ਸਮਾਨਤਾ ਹੈ।