
ਲਾਹੌਰ, 23 ਨਵੰਬਰ : ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ੀ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਨੇ ਨਜ਼ਰਬੰਦੀ ਤੋਂ ਰਿਹਾਈ ਦੇ ਫ਼ੈਸਲੇ ਮਗਰੋਂ ਸੱਭ ਤੋਂ ਪਹਿਲਾਂ ਭਾਰਤ ਨੂੰ ਧਮਕੀ ਦਿਤੀ ਹੈ। ਉਸ ਨੇ ਕਿਹਾ ਕਿ ਕਸ਼ਮੀਰ ਤਾਂ ਆਜ਼ਾਦ ਹੋ ਕੇ ਰਹੇਗਾ। ਇਸ ਨੂੰ ਰੋਕਣ ਲਈ ਭਾਰਤ ਨੇ ਜੋ ਕੁੱਝ ਕਰਨਾ ਹੈ, ਕਰ ਲਵੇ।
ਨਜ਼ਰਬੰਦੀ ਤੋਂ ਰਿਹਾਈ ਦੀ ਸੂਚਨਾ ਮਿਲਦਿਆਂ ਹੀ ਵੀਡੀਉ ਜਾਰੀ ਕਰ ਕੇ ਹਾਫ਼ਿਜ਼ ਸਈਦ ਨੇ ਕਿਹਾ, ''ਮੇਰੀ ਅਤੇ ਮੇਰੇ ਸਾਥੀਆਂ ਦੀ ਅੱਲਾ ਮਦਦ ਕਰੇ ਤਾਕਿ ਅਸੀ ਕਸ਼ਮੀਰ ਨੂੰ ਛੇਤੀ ਆਜ਼ਾਦ ਕਰਵਾ ਲਈਏ। ਭਾਰਤ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਕਸ਼ਮੀਰ ਕਰ ਕੇ ਹੀ ਭਾਰਤ ਮੇਰੇ ਪਿੱਛੇ ਪਿਆ ਹੋਇਆ ਹੈ।'' ਹਾਫ਼ਿਜ਼ ਨੇ ਅਪਣੀ ਰਿਹਾਈ ਨੂੰ 'ਪਾਕਿਸਤਾਨ ਦੀ ਆਜ਼ਾਦੀ ਦੀ ਜਿੱਤ' ਕਿਹਾ ਹੈ। ਵੀਡੀਉ 'ਚ ਸਈਦ ਨੇ ਕਿਹਾ, ''ਜੱਜਾਂ ਨੇ ਰਿਹਾਈ ਦਾ ਹੁਕਮ ਦਿਤਾ। ਮੈਂ ਜੱਜਾਂ ਦਾ ਧਨਵਾਦ ਕਰਦਾ ਹਾਂ। ਲਾਹੌਰ ਹਾਈ ਕੋਰਟ ਨਾਲ ਸਬੰਧਤ ਸਾਰੇ ਲੋਕਾਂ ਦਾ ਧਨਵਾਦ ਕਰਦਾ ਹਾਂ।'' ਜ਼ਿਕਰਯੋਗ ਹੈ ਕਿ ਸਈਦ ਅਤੇ ਉਸ ਦੇ ਚਾਰ ਸਾਥੀਆਂ ਨੂੰ ਇਸੇ ਸਾਲ ਜਨਵਰੀ ਮਹੀਨੇ 'ਚ
ਨਜ਼ਰਬੰਦ ਕੀਤਾ ਗਿਆ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਿਆਇਕ ਸਮੀਖਿਆ ਬੋਰਡ ਨੇ ਬੀਤੇ ਬੁਧਵਾਰ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿਤਾ ਸੀ। ਪਿਛਲੇ ਮਹੀਨੇ ਪੰਜਾਬ ਸੂਬੇ ਦੇ ਨਿਆਇਕ ਸਮੀਖਿਆ ਬੋਰਡ ਨੇ ਸਈਦ ਦੀ ਹਿਰਾਸਤ 30 ਦਿਨ ਲਈ ਵਧਾਉਣ ਦੀ ਮਨਜ਼ੂਰੀ ਦਿਤੀ ਸੀ ਅਤੇ ਇਹ ਮਿਆਦ ਇਸੇ ਹਫ਼ਤੇ ਪੂਰੀ ਹੋ ਜਾਵੇਗੀ। ਬੋਰਡ ਨੇ ਬੀਤੇ ਬੁਧਵਾਰ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿਤਾ। ਪਾਕਿਸਤਾਨੀ ਅਦਾਲਤ ਦੇ ਇਸ ਫ਼ੈਸਲੇ ਦਾ ਅਮਰੀਕਾ ਨੇ ਵਿਰੋਧ ਕੀਤਾ ਹੈ। ਅਮਰੀਕਾ ਨੇ ਹਾਫਿਜ਼ ਸਈਦ 'ਤੇ ਇਕ ਕਰੋੜ ਡਾਲਰ ਦਾ ਇਨਾਮ ਰਖਿਆ ਹੋਇਆ ਹੈ। ਟਰੰਪ ਸਰਕਾਰ ਨੇ ਉਸ ਨੂੰ ਵਿਸ਼ਵ ਅਤਿਵਾਦੀ ਐਲਾਨ ਕੀਤਾ ਹੈ। ਪਾਕਿ ਸਰਕਾਰ ਨੇ ਹਾਫ਼ਿਜ਼ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ 'ਚ ਵੀ ਸ਼ਾਮਲ ਕੀਤਾ ਹੈ ਮਤਲਬ ਉਹ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਦਾ। (ਪੀਟੀਆਈ)