
ਭਾਰਤ ਦੀ ਇਕ ਮੁਟਿਆਰ ਨੇ ਫ਼ਿਰ ਦੁਨੀਆ ‘ਚ ਆਪਣੀ ਖ਼ੂਬਸੂਰਤੀ ਦਾ ਲੋਹਾ ਮੰਨਵਾ ਲਿਆ। ਚੀਨ ਦੇ ਸਾਨਿਆ ‘ਚ ਹੋਈ ਮਿਸ ਵਰਲਡ ਪ੍ਰਤੀਯੋਗਤਾ ‘ਚ ਭਾਰਤ ਦੀ ਮਾਨੂਸ਼ੀ ਛਿੱਲਰ ਨੇ 2017 ਦੀ ਵਿਸ਼ਵ ਸੁੰਦਰੀ ਬਣਨ ਦਾ ਖ਼ਿਤਾਬ ਜਿੱਤਿਆ ਹੈ। ਹਰਿਆਣਾ ਦੇ ਸੋਨੀਪਤ ‘ਚ ਰਹਿਣ ਵਾਲੀ ਮਾਨੂਸ਼ੀ ਨੇ 118 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜਦਿਆਂ ਹੋਇਆਂ ਇਹ ਕਾਮਯਾਬੀ ਹਾਸਲ ਕੀਤੀ।



14 ਮਈ 1997 ‘ਚ ਹਰਿਆਣਾ ਦੇ ਸੋਨੀਪਤ ‘ਚ ਜਨਮੀ ਮਾਨੂਸ਼ੀ ਦੇ ਮਾਤਾ-ਪਿਤਾ ਡਾਕਟਰ ਹਨ। ਉਸ ਦੇ ਪਿਤਾ ਡਾ. ਮਿਤਰਾ ਬਾਸੂ ਛਿੱਲਰ ਰੱਖਿਆ ਖ਼ੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਿਚ ਵਿਗਿਆਨੀ ਹਨ ਜਦਕਿ ਉਸ ਦੀ ਮਾਤਾ ਡਾ. ਨੀਲਮ ਛਿੱਲਰ ਹਿਊਮਨ ਬੀਹੇਵੀਅਰ ਐਾਡ ਐਲਾਈਡ ਸਾਇੰਸਜ਼ ਸੰਸਥਾ ‘ਚ ਦਿਮਾਗ ਬਾਰੇ ਰਸਾਇਣ ਵਿਗਿਆਨ (ਨਿਊਰੋਕੈਮਿਸਟਰੀ) ਵਿਭਾਗ ਦੀ ਮੁਖੀ ਹੈ।


ਭਾਰਤ ਵਲੋਂ ਸਭ ਤੋਂ ਪਹਿਲਾਂ 1966 ‘ਚ ਰੀਤਾ ਫ਼ਾਰੀਆ ਵਿਸ਼ਵ ਸੁੰਦਰੀ ਬਣੀ ਸੀ। ਉਸ ਤੋਂ ਬਾਅਦ 1994 ‘ਚ ਐਸ਼ਵਰਿਆ ਰਾਏ, 1997 ‘ਚ ਡਾਇਨਾ ਹੇਡਨ, 1999 ‘ਚ ਯੁਕਤਾ ਮੁਖੀ ਅਤੇ 2000 ‘ਚ ਪ੍ਰਿਯੰਕਾ ਚੋਪੜਾ ਨੇ ਵਿਸ਼ਵ ਸੁੰਦਰੀ ਬਣਨ ਦਾ ਮਾਣ ਹਾਸਲ ਕੀਤਾ ਸੀ। ਹੁਣ 2017 ‘ਚ ਮਾਨੂਸ਼ੀ ਛਿੱਲਰ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਦੱਸਣਯੋਗ ਹੈ ਕਿ 1951 ਤੋਂ ਸ਼ੁਰੂ ਹੋਈ ਇਸ ਪ੍ਰਤੀਯੋਗਤਾ ‘ਚ ਹੁਣ ਤੱਕ ਭਾਰਤ ਅਤੇ ਵੈਨਜ਼ੁਏਲਾ ਦੀਆਂ ਮੁਟਿਆਰਾਂ 6-6 ਵਾਰ ਵਿਸ਼ਵ ਸੁੰਦਰੀਆਂ ਬਣਨ ਦਾ ਕਾਰਨਾਮਾ ਕਰ ਚੁੱਕੀਆਂ ਹਨ।
