
ਵਾਸ਼ਿੰਗਟਨ : ਅਮਰੀਕਾ ਨੇ ਬ੍ਰਿਟੇਨ ਵਿਚ ਕਥਿਤ ਤੌਰ 'ਤੇ ਰੂਸ ਵਲੋਂ ਸਾਬਕਾ ਜਾਸੂਸ ਅਤੇ ਉਸ ਦੀ ਬੇਟੀ ਦੀ ਹਤਿਆ ਕਰਨ ਲਈ ਜ਼ਹਿਰ ਦੇਣ ਦੀ ਘਟਨਾ 'ਤੇ ਗ਼ੁੱਸਾ ਪ੍ਰਗਟ ਕੀਤਾ ਹੈ। ਰੂਸ ਦੇ ਸਾਬਕਾ ਜਾਸੂਸ ਸੇਰਗਈ ਸਕਰੀਪਲ (66) ਅਤੇ ਬੇਟੀ ਯੂਲੀਆ (33) ਨੂੰ ਬੀਤੇ ਹਫ਼ਤੇ ਜ਼ਹਿਰ ਦੇ ਦਿਤਾ ਗਿਆ ਸੀ। ਇਸ ਪਦਾਰਥ ਦੀ ਚਪੇਟ ਵਿਚ ਇਕ ਪੁਲਿਸ ਕਰਮਚਾਰੀ ਵੀ ਆ ਗਿਆ ਸੀ ਤਿੰਨਾਂ ਦੀ ਹਾਲਤ ਗੰਭੀਰ ਹੈ। ਪ੍ਰਤੀਨਿਧੀ ਸਭਾ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਲ੍ਹ ਕਿਹਾ ਸੀ ਕਿ ਇਸ ਗੱਲ ਦੀ ''ਘੋਰ ਸੰਭਾਵਨਾ'' ਹੈ ਕਿ ਸਕਰੀਪਲ 'ਤੇ ਜ਼ਹਿਰ ਨਾਲ ਹਮਲਾ ਕਰਨ ਦੇ ਪਿਛੇ ਰੂਸ ਹੋ ਸਕਦਾ ਹੈ। ਉਸ ਨੇ ਬਰਤਾਨਵੀ ਦੀ ਵਿਦੇਸ਼ ਖੁਫ਼ੀਆ ਏਜੰਸੀ ਲਈ ਕੰਮ ਕੀਤਾ ਸੀ।
ਉਧਰ ਰੂਸ ਨੇ ਉਕਤ ਦੋਸ਼ਾਂ ਦਾ ਖੰਡਨ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ, ''ਅਸੀਂ ਆਪਣੇ ਸਹਿਯੋਗੀ ਬ੍ਰਿਟੇਨ ਨਾਲ ਖੜ੍ਹੇ ਹਾਂ।'' ਸਾਰਾ ਨੇ ਕਿਹਾ, ''ਅਮਰੀਕੀ ਘਟਨਾ 'ਤੇ ਕਾਫ਼ੀ ਨਜ਼ਦੀਕੀ ਨਾਲ ਨਜ਼ਰ ਰਖ ਰਿਹਾ ਹੈ ਅਤੇ ਇਹ ਬਹੁਤ ਗੰਭੀਰ ਹੈ। ਬ੍ਰਿਟੇਨ ਦੀ ਧਰਤੀ 'ਤੇ ਬਰਤਾਨਵੀ ਨਾਗਰਿਕ 'ਤੇ ਜ਼ਹਿਰ ਨਾਲ ਹਮਲਾ ਕਰਨਾ ਹੈਰਾਨ ਕਰਨ ਵਾਲਾ ਹੈ। ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ ਅਤੇ ਬਰਤਾਨਵੀ ਸਰਕਾਰ ਨੂੰ ਸਮਰਥਨ ਦਿੰਦੇ ਹਾਂ।''
ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਬ੍ਰਿਟੇਨ ਦੇ ਅਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਉਹ ਫ਼ਿਲਹਾਲ ਅਫ਼ਰੀਕਾ ਦੀ ਯਾਤਰਾ 'ਤੇ ਹਨ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ਕਿ, ‘ਸਾਨੂੰ ਬ੍ਰਿਟੇਨ ਦੀ ਜਾਂਚ 'ਤੇ ਪੂਰਾ ਭਰੋਸਾ ਹੈ ਅਤੇ ਉਸ ਦਾ ਮੁਲਾਂਕਣ ਹੈ ਕਿ ਜਹਿਰ ਨਾਲ ਕੀਤੇ ਗਏ ਹਮਲੇ ਪਿਛੇ ਰੂਸ ਹੋ ਸਕਦਾ ਹੈ, ਜੋ ਪਿਛਲੇ ਹਫ਼ਤੇ ਸੇਲਸਬਰੀ ਵਿਚ ਹੋਇਆ ਹੈ।’ ਟਿਲਰਸਨ ਨੇ ਕਿਹਾ ਕਿ ਅਜਿਹੇ ਹਮਲੇ ਦਾ ਕੋਈ ਸਪਸ਼ਟੀਕਰਨ ਨਹੀਂ ਹੋ ਸਕਦਾ।
ਦੂਜੇ ਪਾਸੇ ਖ਼ਬਰ ਮੁਤਾਬਕ ਰੂਸ ਨੇ ਬ੍ਰਿਟੇਨ 'ਤੇ ਫੁਟਬਾਲ ਵਿਸ਼ਵ ਕੱਪ ਤੋਂ ਪਹਿਲਾਂ ‘ਵਿਸ਼ਵਾਸ ਦੀ ਕਮੀ’ ਪੈਦਾ ਕਰਨ ਦਾ ਇਲਜ਼ਾਮ ਲਗਾਇਆ। ਮੰਤਰਾਲਾ ਨੇ ਕਿਹਾ ਕਿ ਗਰਮੀਆਂ ਵਿਚ ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪੱਛਮੀ ਮੀਡੀਆ ਰੂਸ ਨੂੰ ਬਦਨਾਮ ਕਰਨ ਲਈ ਅਤੇ ਉਸ ਦੇ ਪ੍ਰਤੀ ਵਿਸ਼ਵਾਸ ਵਿਚ ਕਮੀ ਪੈਦਾ ਕਰਨ ਲਈ ਮੁਹਿੰਮ ਚਲਾ ਸਕਦੀ ਹੈ, ਕਿਉਂਕਿ ਉਹ ਖੇਡ ਦੇ ਪ੍ਰੋਗਰਾਮ ਦੀ ਮੇਜਬਾਨੀ ਕਰ ਰਿਹਾ ਹੈ।
ਇਸ ਨੇ ਸਰਕਾਰੀ ਫ਼ੇਸਬੁਕ ਪੰਨੇ 'ਤੇ ਇਕ ਬਿਆਨ ਵਿਚ ਕਿਹਾ ਕਿ ਜਿਵੇਂ ਦਾ ਅਸੀਂ ਅੰਦਾਜਾ ਲਗਾਇਆ ਸੀ ਕਿ ਬ੍ਰਿਟੇਨ ਖ਼ਾਸ ਤੌਰ 'ਤੇ ਸਰਗਰਮ ਹੈ ਅਤੇ ਉਹ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ 2018 ਦੇ ਟੂਰਨਾਮੈਂਟ ਦੀ ਮੇਜਬਾਨੀ ਲਈ ਈਮਾਨਦਾਰ ਤਰੀਕੇ ਨਾਲ ਰੂਸ ਨੂੰ ਚੁਣਿਆ ਗਿਆ ਹੈ।
ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਲੇਨਬਰਗ ਨੇ ਕਿਹਾ ਕਿ ਸੰਗਠਨ ਬ੍ਰਿਟੇਨ ਵਿਚ ਰੂਸ ਦੇ ਡਬਲ ਏਜੰਟ 'ਤੇ ਹੋਏ ਹਮਲੇ ਨਾਲ ਚਿੰਤਤ ਹੈ ਅਤੇ ਇਸ ਸਬੰਧ ਵਿਚ ਬਰਤਾਨਵੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ।