
ਰੀਵਰਸਾਈਡ/ ਅਮਰੀਕਾ, 27 ਦਸੰਬਰ : ਅਮਰੀਕਾ ਦੇ ਦੱਖਣੀ ਕੈਲੇਫ਼ੋਰਨੀਆ ਵਿਚ ਇਕ ਜੋੜੇ 'ਤੇ ਅਪਣੇ ਗਾਹਕਾਂ ਨੂੰ ਡਰੋਨ ਜ਼ਰੀਏ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਲੱਗਾ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਰੀਵਰਸਾਈਡ ਦੇ ਰਹਿਣ ਵਾਲੇ ਬੈਂਜਾਮਿਨ ਬਲਦਾਸਰੇ ਅਤੇ ਐਸ਼ਲੇ ਕੈਰੋਲ 'ਤੇ ਨਸ਼ੀਲੇ ਪਦਾਰਥ ਵੇਚਣ ਅਤੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਪਿਛਲੇ ਵੀਰਵਾਰ ਨੂੰ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਗੁਆਂਢੀਆਂ ਨੇ ਸ਼ੱਕ ਜਤਾਇਆ ਸੀ ਕਿ ਉਹ ਨਸ਼ੀਲੇ
ਪਦਾਰਥ ਵੇਚਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਡਰੋਨ ਜ਼ਰੀਏ ਨਜ਼ਦੀਕੀ ਪਾਰਕਿੰਗ ਵਿਚ ਮੌਜੂਦ ਗਾਹਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਗਈ ਸੀ। ਇਸ ਤੋਂ ਬਾਅਦ ਗਾਹਕ ਜੋੜੇ ਦੇ ਘਰ ਗਏ ਅਤੇ ਭੁਗਤਾਨ ਕੀਤੀ ਰਾਸ਼ੀ ਉਨ੍ਹਾਂ ਦੇ ਲਾਅਨ ਵਿਚ ਰੱਖ ਗਏ। ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਇਸ ਲਈ ਲਗਾਇਆ ਗਿਆ ਹੈ ਕਿ ਕਿਉਂਕਿ ਜੋੜੇ ਦੀ 9 ਸਾਲਾ ਧੀ ਉਸੇ ਘਰ ਵਿਚ ਰਹਿੰਦੀ ਹੈ, ਜਿਥੇ ਨਸ਼ੀਲੇ ਪਦਾਰਥ ਰੱਖੇ ਗਏ ਹਨ। (ਭਾਸ਼ਾ)