
ਵਾਸ਼ਿੰਗਟਨ, 5 ਸਤੰਬਰ : ਅਮਰੀਕੀ
ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਮੀਡੀਆ ਉਨ੍ਹਾਂ ਨਾਲ
ਬੇਇਨਸਾਫ਼ੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੇ ਅਪਣਾ ਹੀ ਨਿਊਜ਼ ਚੈਨਲ ਲਾਂਚ ਕਰ ਲਿਆ ਹੈ।
ਡੋਨਾਲਡ
ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕੀ ਲੋਕ ਮੀਡੀਆ ਦੀਆਂ ਗ਼ਲਤ ਖ਼ਬਰਾਂ ਤੋਂ ਦੂਰ
ਰਹਿਣ, ਇਸ ਲਈ ਉਹ ਖੁਦ ਦਾ ਨਿਊਜ਼ ਚੈਨਲ ਲਾਂਚ ਕਰ ਰਹੇ ਹਨ। ਹਾਲਾਂਕਿ ਟਰੰਪ ਦਾ ਇਹ ਨਿਊਜ਼
ਚੈਨਲ ਇਕ ਸੋਸ਼ਲ ਮੀਡੀਆ ਨਿਊਜ਼ ਚੈਨਲ ਹੈ, ਜੋ ਉਨ੍ਹਾਂ ਦੇ ਸਰਕਾਰੀ ਫ਼ੇਸਬੁਕ ਅਕਾਊਂਟ 'ਤੇ
ਪ੍ਰਸਾਰਤ ਹੁੰਦਾ ਹੈ। ਇਸ ਨਿਊਜ਼ ਚੈਨਲ ਵਿਚ ਉਨ੍ਹਾਂ ਦੀ ਬੇਟੀ ਨੂੰ ਐਂਕਰਿੰਗ ਕਰਦੇ ਹੋਏ
ਵੇਖਿਆ ਜਾ ਸਕਦਾ ਹੈ।
ਟਰੰਪ ਦੇ ਇਸ ਨਿਊਜ਼ ਚੈਨਲ ਦਾ ਨਾਂ 'ਰੀਅਲ ਨਿਊਜ਼' ਹੈ, ਜੋ
ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਂਦਾ ਹੈ। ਇਸ ਚੈਨਲ ਦਾ
ਪ੍ਰਸਾਰਣ ਨਿਊਯਾਰਕ ਦੇ ਟਰੰਪ ਟਾਵਰ ਤੋਂ ਹੁੰਦਾ ਹੈ। ਹਾਲ ਹੀ ਵਿਚ ਇਸ ਚੈਨਲ 'ਤੇ ਇਕ ਔਰਤ
ਐਂਕਰ ਨੇ ਅਮਰੀਕਾ ਦੀ ਅਰਥਵਿਵਸਥਾ ਬਾਰੇ ਦਸਦੇ ਹੋਏ ਕਿਹਾ ਕਿ ਟਰੰਪ ਦੇ ਆਉਣ ਮਗਰੋਂ
ਨੌਕਰੀਆਂ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਟਰੰਪ ਦਾ ਇਹ ਨਿਊਜ਼ ਚੈਨਲ ਸਿਰਫ਼ ਉਨ੍ਹਾਂ ਦੀ
ਸਰਕਾਰ ਤਕ ਹੀ ਸੀਮਤ ਹੈ।
ਇਸ ਨਿਊਜ਼ ਚੈਨਲ ਨੂੰ ਡੋਨਾਲਡ ਟਰੰਪ ਦੇ ਫ਼ੇਸਬੁਕ ਪੇਜ਼ 'ਤੇ
ਜਾ ਕੇ ਫ਼ੋਲੋ ਕੀਤਾ ਜਾ ਸਕਦਾ ਹੈ। ਅਪਣਾ ਚੈਨਲ ਲਾਂਚ ਕਰਨ ਤੋਂ ਪਹਿਲਾਂ ਟਰੰਪ ਨੇ ਟਵੀਟ
ਕਰ ਕੇ ਕਿਹਾ ਸੀ ਕਿ ਸੀਐਨਐਨ, ਏਬੀਸੀ, ਸੀਬੀਐਸ ਅਤੇ ਨਿਊਯਾਰਕ ਟਾਈਮਜ਼ ਜਿਹੇ ਚੈਨਲਾਂ 'ਤੇ
ਭਰੋਸਾ ਕਰਨਾ ਮੁਸ਼ਕਲ ਹੈ। ਇਸ ਚੈਨਲ 'ਤੇ ਟਰੰਪ ਦੀ ਬੇਟੀ ਲਾਰਾ ਟਰੰਪ ਨੂੰ ਵੀ ਐਂਕਰਿੰਗ
ਕਰਦਿਆਂ ਵੇਖਿਆ ਜਾ ਸਕਦਾ ਹੈ।