
ਵਾਸ਼ਿੰਗਟਨ : ਗੋਲੀਬਾਰੀ ਦੀ ਭਿਆਨਕ ਘਟਨਾ ਤੋਂ ਬਾਅਦ ਪਹਿਲੀ ਵਾਰ ਵਿਦਿਆਰਥੀ ਅਤੇ ਅਧਿਆਪਕ ਇਕ-ਦੂਜੇ ਨੂੰ ਦਿਲਾਸਾ ਦਿੰਦੇ ਹੋਏ ਫਲੋਰੀਡਾ ਦੇ ਸਕੂਲ ਵਿਚ ਪਰਤੇ। ਉਨ੍ਹਾਂ ਨੇ ਬੰਦੂਕ ਨਾਲ ਹੋਣ ਵਾਲੀ ਹਿੰਸਾ ਨੂੰ ਲੈ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਗੋਲੀਬਾਰੀ ਦੀ ਘਟਨਾ ਵਿਚ 17 ਲੋਕ ਮਾਰੇ ਗਏ ਸਨ।
ਪਾਰਕਲੈਂਡ ਸਥਿਤ ਫਲੋਰੀਡਾ ਹਾਈ ਸਕੂਲ ਵਿਚ 14 ਫਰਵਰੀ ਦੀ ਘਟਨਾ ਦੇ ਚਸ਼ਮਦੀਦ ਡੈਵਿਡ ਹੋਗ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, 'ਸੋਚੋ ਕਿ ਜਹਾਜ਼ ਹਾਦਸੇ ਤੋਂ ਬਾਅਦ ਹਰ ਦਿਨ ਉਸੇ ਜਹਾਜ਼ ਵਿਚ ਸਵਾਰ ਹੋ ਕੇ ਕਿਤੇ ਜਾਣਾ ਕਿਹੋ ਜਿਹਾ ਲੱਗੇਗਾ। ਸਭ ਕੁਝ ਪਹਿਲਾਂ ਦੀ ਤਰ੍ਹਾਂ ਸਾਧਾਰਨ ਕਦੇ ਨਹੀਂ ਹੋ ਸਕੇਗਾ।' ਸਕੂਲ ਵਿਚ ਕਲਾਸਾਂ ਬੁੱਧਵਾਰ ਤੋਂ ਸ਼ੁਰੂ ਹੋਣਗੀਆਂ।
ਘਟਨਾ ਵਿਚ ਕਾਰਵਾਈ ਦੀ ਮੰਗ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬੰਦੂਕ ਖ੍ਰੀਦਣ ਦੀ ਉਮਰ ਨੂੰ ਵਧਾਉਣ ਲਈ ਉਹ ਤਿਆਰ ਹਨ। ਸੋਮਵਾਰ ਨੂੰ ਸਾਰੇ 50 ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਗਵਰਨਰਸ ਬਾਲ ਵਿਚ ਟਰੰਪ ਨੇ ਕਿਹਾ ਕਿ ਸਕੂਲਾਂ ਦੀ ਸੁਰੱਖਿਆ ਮੁੱਖ ਪਹਿਲ ਹੈ।