
ਵੈਨਕੂਵਰ, 27 ਸਤੰਬਰ (ਬਰਾੜ-ਭਗਤਾ
ਭਾਈ ਕਾ) : ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵੱਧ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਸਰੀ
ਵਿਖੇ ਰੋਟਰੀ ਕਲੱਬ ਸਰੀ-ਨਿਊਟਨ ਵਲੋਂ ਪੈਸਿਫ਼ਿਕ ਓਰਲ ਹੈਲਥ ਸੈਂਟਰ ਦੇ ਸਹਿਯੋਗ ਨਾਲ ਮੂੰਹ
ਦੇ ਕੈਂਸਰ ਦਾ ਪਤਾ ਲਾਉਣ ਲਈ ਲਗਾਏ ਗਏ ਮੁਫ਼ਤ ਕੈਂਪ 'ਚ 400 ਤੋਂ ਵੱਧ ਮਰੀਜ਼ਾਂ ਦਾ
ਮੁਆਇਨਾ ਕੀਤਾ ਗਿਆ।
ਰੇਡੀਉ ਹੋਸਟ ਗੁਰਬਾਜ ਸਿੰਘ ਬਰਾੜ ਦੇ ਹਵਾਲੇ ਨਾਲ ਦਸਿਆ ਗਿਆ ਹੈ
ਕਿ ਇਨ੍ਹਾਂ ਮਰੀਜਾਂ ਵਿਚੋਂ 40 ਮਰੀਜ਼ਾਂ ਨੂੰ ਬਰੀਕੀ ਨਾਲ ਛਾਣਬੀਨ ਕਰਨ ਲਈ ਕੈਂਸਰ ਦੇ
ਮਾਹਰਾਂ ਕੋਲ ਭੇਜ ਦਿਤਾ ਗਿਆ ਤਾਂ ਕਿ ਉਨ੍ਹਾਂ ਦੀ ਡੂੰਗਾਈ ਨਾਲ ਜਾਂਚ ਪੜਤਾਲ ਹੋ ਸਕੇ।
ਸੈਂਟਰ ਦੇ ਡਾਕਟਰ ਹਰਿੰਦਰ ਧੰਜੂ ਨੇ ਕਿਹਾ ਕਿ ਤਕਰੀਬਨ 4 ਕੁ ਸਾਲ ਪਹਿਲਾਂ ਸਥਾਪਤ ਕੀਤੇ
ਗਏ ਇਸ ਸੈਂਟਰ 'ਚ ਘੱਟ ਆਮਦਨ ਵਾਲੇ ਪਰਵਾਰਾਂ ਦਾ ਘੱਟ ਕੀਮਤ ਦਰਾਂ 'ਚ ਇਲਾਜ ਕੀਤਾ
ਜਾਂਦਾ ਹੈ।
ਸਰੀ-ਨਿਊਟਨ ਕਲੱਬ ਦੀ ਸਾਬਕਾ ਪ੍ਰਧਾਨ ਡਾ. ਸਰਬਜੀਤ ਕੌਰ ਰੋਮਾਣਾ ਨੇ
ਦਸਿਆ ਕਿ ਕਲੱਬ ਵਲੋਂ ਸਮੇਂ-ਸਮੇਂ 'ਤੇ ਲੋੜਮੰਦਾਂ ਨੂੰ ਭੋਜਨ ਮੁਹੱਈਆ ਕਰਵਾਉਣਾ, ਵਹੀਲ
ਚੇਅਰ ਦੇਣੀ ਅਤੇ ਸਰਦੀਆਂ 'ਚ ਕੰਬਲ ਵੰਡਣ ਵਰਗੇ ਸਮਾਜਕ ਕਾਰਜ ਕੀਤੇ ਜਾਂਦੇ ਰਹੇ ਹਨ।
ਪਿਛਲੇ ਕਈ ਸਾਲਾਂ ਤੋਂ ਕਲੱਬ ਨਾਲ ਜੁੜੇ ਸਾਬਕਾ ਪ੍ਰਧਾਨ ਕੁਲਤਾਰਜੀਤ ਸਿੰਘ ਥਿਆੜਾ,
ਆਜ਼ਦਵਿੰਦਰ ਸਿੱਧੈ, ਸੈਂਡੀ ਝੰਡ, ਮੌਜੂਦਾ ਪ੍ਰਧਾਨ ਹਰਭਜਨ ਪਰਹਾਰ ਅਤੇ ਅਗਲੇ ਸਾਲ ਲਈ
ਚੁਣੇ ਗਏ ਪ੍ਰਧਾਨ ਪਰਮਿੰਦਰ ਚੌਹਾਨ ਨੇ ਕਿਹਾ ਕਿ ਸਰੀ-ਨਿਊਟਨ ਰੋਟਰੀ ਕਲੱਬ ਸਥਾਨਕ
ਭਾਈਚਾਰੇ ਦੇ ਭਰਵੇਂ ਸਹਿਯੋਗ ਨਾਲ ਭਵਿੱਖ 'ਚ ਵੀ ਸਮਾਜ ਭਲਾਈ ਦੇ ਕਾਰਜ ਕਰਨ ਲਈ ਬਚਨਬੱਧ
ਹੈ।