
ਲੈਸਟਰ, 27 ਸਤੰਬਰ (ਹਰਜੀਤ
ਸਿੰਘ ਵਿਰਕ) : ਨਿਊ ਵੌਕ ਮਿਊਜੀਅਮ ਐਂਡ ਆਰਟ ਗੈਲਰੀ ਵਿਖੇ ਪੰਜਾਬੀ ਦੇ ਪ੍ਰਸਿੱਧ
ਵਿਦਵਾਨ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਦੀ ਲੈਸਟਰ ਦੇ ਪੰਜਾਬੀ ਭਾਈਵਾਰੇ ਬਾਰੇ ਲਿਖੀ
ਖੋਜ ਪੁਸਤਕ '66 ਯੀਅਰਜ਼ ਆਫ਼ ਪੰਜਾਬੀਜ਼ ਇਨ ਲੈਸਟਰ-ਏ-ਸ਼ੋਸ਼ੋ ਅਨਾਲਿਟੀਕਲ ਸਟਡੀ' (ਲੈਸਟਰ
ਵਿਖੇ ਪੰਜਾਬੀਆਂ ਦੇ 66 ਸਾਲ ਇਕ ਸਮਾਜ ਵਿਗਿਆਨਕ ਅਧਿਐਨ) ਦਾ ਲੋਕ ਅਰਪਣ ਪੂਰੇ
ਜੋਸ਼ੋ-ਖਰੋਸ਼ ਨਾਲ ਕੀਤਾ।
ਸਥਾਨਕ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਅਤੇ ਸਿਟੀ
ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ, ਜਿਸ ਦੀ
ਪ੍ਰਧਾਨਗੀ ਪਿਆਰਾ ਸਿੰਘ ਕਲੇਰ (ਡਿਪਟੀ ਲੌਰਡ ਮੇਅਰ ਲੈਸਟਰ), ਜਸਵੰਤ ਸਿੰਘ ਗਰੇਵਾਲ
(ਸਲਾਹਕਾਰ ਵਰਲਡ ਕੈਂਸਰ ਕੇਅਰ ਯੂ.ਕੇ.), ਸਰੂਪ ਸਿੰਘ ਆਰਟਿਸ਼ਟ (ਐਮ.ਬੀ.ਈ.), ਨਵਦੀਪ ਕੌਰ
(ਪ੍ਰੀਜੈਂਟਰ ਅਕਾਲ ਚੈਨਲ), ਨਛੱਤਰ ਸਿੰਘ (ਸਿੱਖ ਚੈਨਲ) ਸੁਖਦੇਵ ਸਿੰਘ ਬਾਂਸਲ (ਮੁੱਖ
ਸਰਪ੍ਰਸਤ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਯੂ.ਕੇ.) ਅਤੇ ਸਿੰਗਾਰਾ ਸਿੰਘ (ਕੋਹੇਨੂਰ
ਰੇਡੀਉ, ਲੈਸਟਰ) ਨੇ ਕੀਤੀ। ਮਿਊਜ਼ੀਅਮ ਦੀ ਸਰੋਤਿਆਂ ਨਾਲ ਖਚਾਖਚ ਭਰੀ ਵਿਕਟੋਰੀਅਨ ਆਰਟ
ਗੈਲਰੀ ਵਿਚ ਲਗਭਗ 4 ਕੁ ਵਜੇ ਸ਼ੁਰੂ ਹੋਏ ਸਮਾਰੋਹ ਵਿਚ ਸੁਖਦੇਵ ਸਿੰਘ ਬਾਂਸਲ ਨੇ ਸਭਨਾ
ਨੂੰ ਜੀ ਆਇਆਂ ਕਿਹਾ, ਜਿਸ ਤੋਂ ਬਾਅਦ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ।
ਪ੍ਰੋ.
ਸ਼ਿੰਗਾਰਾ ਸਿੰਘ ਢਿੱਲੋਂ ਨੇ ਅਪਣੀ ਤਕਰੀਰ ਵਿਚ ਕਿਹਾ ਕਿ ਉਨ੍ਹਾਂ ਨੇ ਇਸ ਖੋਜ ਕਾਰਜ ਨੂੰ
ਅਪਣੇ ਜੀਵਨ ਦੇ ਚਾਰ ਸਾਲ ਬਹੁਤ ਹੀ ਨੇਕ ਭਾਵਨਾ ਨਾਲ ਅਰਪਤ ਕੀਤੇ ਹਨ। ਇਸ ਖੋਜ ਕਾਰਜ
ਰਾਹੀਂ ਉਨ੍ਹਾਂ ਨੇ ਸਭ ਸ਼ਖ਼ਸੀਅਤਾਂ ਦਾ ਸੰਖੇਪ ਜੀਵਨੀਗਤ ਵੇਰਵਾ ਦਰਜ ਕੀਤਾ ਹੈ, ਜਿਨ੍ਹਾਂ
ਨੇ ਅਪਣੀ ਮਿਹਨਤ ਤੇ ਲਗਨ ਸਦਕਾ ਵੱਡੀਆਂ ਪ੍ਰਾਪਤੀਆਂ ਕਰ ਕੇ ਨਵੇਂ ਦਿਸਹੱਦੇ ਸਥਾਪਤ
ਕੀਤੇ।
ਲੈਸਟਰ ਦੇ ਡਿਪਟੀ ਮੇਅਰ ਪਿਆਰਾ ਕਲੇਰ ਨੇ ਕਿਹਾ ਕਿ ਪ੍ਰੋ. ਢਿਲੋਂ ਨੇ ਇਸ
ਖੋਜ ਕਾਰਜ ਰਾਹੀਂ ਇਕ ਬਹੁਤ ਵੱਡਾ ਹੰਭਲਾ ਮਾਰਿਆ ਹੈ ਜੋ ਕਿ ਸਮੁੱਚੇ ਵਿਸ਼ਵ ਦੇ ਪੰਜਾਬੀਆਂ
ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਅਤੇ ਸਦੀਆਂ ਤਕ ਯਾਦ ਰਖਿਆ ਜਾਵੇਗਾ। ਸਮਾਗਮ 'ਚ ਲਗਭਗ
250 ਲੋਕਾਂ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੂੰ
ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ ਇਕ ਸ਼ਾਲ ਤੇ ਮਾਣ-ਪੱਤਰ ਭੇਂਟ ਕਰ ਕੇ ਸਨਮਾਨਤ
ਕੀਤਾ ਗਿਆ। ਮਾਤਾ ਖੀਵੀ ਟਰੱਸਟ ਯੂ.ਕੇ. ਵਲੋਂ ਵੀ ਸ਼ਾਲ ਅਤੇ ਪੁਸਤਕ ਭੇਂਟ ਕਰ ਕੇ ਸਨਮਾਨਤ
ਕੀਤਾ ਗਿਆ।