
ਵਾਸ਼ਿੰਗਟਨ, 21 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਉੱਤਰ ਕੋਰੀਆ ਨੂੰ ਅਤਿਵਾਦ ਸਮਰਥਕ ਦੇਸ਼ ਦਸਿਆ। ਟਰੰਪ ਨੇ ਕਿਹਾ ਕਿ ਵਿੱਤ ਵਿਭਾਗ ਉੱਤਰ ਕੋਰੀਆ 'ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਦਾ ਐਲਾਨ ਕਰੇਗਾ। ਟਰੰਪ ਨੇ ਇਹ ਫ਼ੈਸਲਾ ਪੰਜ ਦੇਸ਼ਾਂ ਦੇ 11 ਦਿਨਾ ਦੌਰੇ ਤੋਂ ਪਰਤਣ ਮਗਰੋਂ ਦਿਤਾ। ਇਸ ਐਲਾਨ ਤੋਂ ਬਾਅਦ ਹੁਣ ਉੱਤਰ ਕੋਰੀਆ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੂੰ ਲਗਾਤਾਰ ਕੌਮਾਂਤਰੀ ਪੱਧਰ 'ਤੇ ਅਤਿਵਾਦ ਨੂੰ ਸਹਿਯੋਗ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਅਮਰੀਕਾ ਨੇ ਇਸ ਤੋਂ ਪਹਿਲਾਂ ਈਰਾਨ, ਸੂਡਾਨ ਅਤੇ ਸੀਰੀਆ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਸੀ।ਟਰੰਪ ਨੇ ਵ੍ਹਾਈਟ ਹਾਊਸ 'ਚ ਮੀਡੀਆ ਨੂੰ ਕਿਹਾ, ''ਦੁਨੀਆ ਨੂੰ ਪ੍ਰਮਾਣੂ ਤਬਾਹੀ ਦੀ ਧਮਕੀ ਦੇਣ ਤੋਂ ਇਲਾਵਾ ਉੱਤਰ ਕੋਰੀਆ ਨੇ ਵਾਰ-ਵਾਰ ਕੌਮਾਂਤਰੀ ਅਤਿਵਾਦ ਦਾ ਸਮਰਥਨ ਕੀਤਾ ਹੈ, ਜਿਸ 'ਚ ਵਿਦੇਸ਼ੀ ਧਰਤੀ 'ਤੇ ਹਤਿਆਵਾਂ ਵੀ ਸ਼ਾਮਲ ਹਨ। ਸਮਰਥਕ ਸ਼ਬਦ ਉਸ 'ਤੇ ਹੋਰ ਵੱਧ ਪਾਬੰਦੀਆਂ ਲਗਾਏਗਾ ਅਤੇ ਉਸ ਦਾ ਬਾਈਕਾਟ ਕਰਨ 'ਚ ਸਾਡੀ ਮੁਹਿੰਮ ਦਾ ਸਮਰਥਨ ਕਰੇਗਾ।
ਟਰੰਪ ਨੇ ਕਿਹਾ, ''ਇਹ ਕਾਫੀ ਸਮੇਂ ਪਹਿਲਾਂ ਕਰ ਦਿਤਾ ਜਾਣਾ ਚਾਹੀਦਾ ਸੀ। ਟਰੰਪ ਦੇ ਇਸ ਐਲਾਨ ਤੋਂ ਬਾਅਦ ਉੱਤਰ ਕੋਰੀਆ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੂੰ ਲਗਾਤਾਰ ਕੌਮਾਂਤਰੀ ਪੱਧਜ 'ਤੇ ਅਤਿਵਾਦ ਦਾ ਸਮਰਥਨ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਅਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਗਾਉਣੀ ਚਾਹੀਦੀ ਹੈ।ਜ਼ਿਕਰਯੋਗ ਹੈ ਕਿ ਇਸੇ ਸਾਲ ਸਤੰਬਰ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉੱਤਰ ਕੋਰੀਆਂ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਸਨ। ਪਾਬੰਦੀਆਂ ਦਾ ਖਰੜਾ ਅਮਰੀਕਾ ਨੇ ਤਿਆਰ ਕੀਤਾ ਸੀ, ਜਿਸ ਨੂੰ ਚੀਨ ਅਤੇ ਰੂਸ ਸਮੇਤ ਸਾਰੇ 15 ਮੈਂਬਰਾਂ ਨੇ ਮਨਜੂਰੀ ਦਿਤੀ ਸੀ।