
ਲੰਦਨ, 7 ਸਤੰਬਰ
(ਹਰਜੀਤ ਸਿੰਘ ਵਿਰਕ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਅਤੇ ਅਮਰੀਕੀ
ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਦੇ ਮਿਜ਼ਾਈਲ ਅਤੇ ਪ੍ਰਮਾਣੂ
ਪ੍ਰੋਗਰਾਮ ਨੂੰ ਰੋਕਣ ਦੇ ਲਈ ਚੀਨ ਨੂੰ ਹੋਰ ਜ਼ਿਆਦਾ ਕਦਮ ਚੁੱਕਣੇ ਚਾਹੀਦੇ ਹਨ। ਇਸ ਸਬੰਧ
'ਚ ਟੈਰੀਜ਼ਾ ਮੇਅ ਅਤੇ ਡੋਨਾਲਡ ਟਰੰਪ ਦੇ ਵਿਚ ਫ਼ੋਨ 'ਤੇ ਗੱਲਬਾਤ ਹੋਈ। ਦੋਵੇਂ ਨੇਤਾ ਉੱਤਰ
ਕੋਰੀਆ ਮਾਮਲੇ ਵਿਚ ਚੀਨ ਦੀ ਅਹਿਮ ਭੂਮਿਕਾ ਨੂੰ ਲੈ ਕੇ ਸਹਿਮਤ ਹੋਏ ਹਨ।
ਮੇਅ ਦੇ
ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੀਨ ਨੂੰ ਉੱਤਰ ਕੋਰੀਆ ਦੇ ਮਿਜ਼ਾਈਲ 'ਤੇ
ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਲਈ ਕਦਮ ਚੁੱਕਣੇ ਚਾਹੀਦੇ ਤਾਕਿ ਕੋਰੀਆਈ ਪ੍ਰਾਇਦੀਪ
ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਵੱਖ-ਵੱਖ ਦੇਸ਼ਾਂ ਦੀ ਸੁਰੱਖਿਆ ਯਕੀਨੀ ਬਣਾਈ
ਜਾਵੇ। ਟੈਰੀਜ਼ਾ ਮੇਅ ਨੇ ਕਿਹਾ ਕਿ ਉਤਰ ਕੋਰੀਆ 'ਤੇ ਯੂਰਪੀ ਸੰਘ ਵਲੋਂ ਦਬਾਅ ਬਣਾਉਣ ਦੇ
ਲਈ ਉਹ ਵੱਖ-ਵੱਖ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕਰੇਗੀ।
ਜ਼ਿਕਰਯੋਗ ਹੈ ਕਿ
ਉੱਤਰ ਕੋਰੀਆ ਨੇ ਐਤਵਾਰ ਨੂੰ ਉੱਚ ਤਕਨੀਕ ਵਾਲੇ ਹਾਈਡ੍ਰੋਜਨ ਬੰਬ ਦਾ ਸਫ਼ਲ ਪ੍ਰੀਖਣ ਕਰਨ
ਦਾ ਦਾਅਵਾ ਕੀਤਾ ਸੀ, ਜਿਸ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਉਸ ਦੀ ਕਾਫੀ ਨਿਖੇਧੀ ਹੋਈ ਸੀ।