
ਸਨਾ, 26 ਦਸੰਬਰ : ਯਮਨ ਦੀ ਰਾਜਧਾਨੀ ਸਨਾ ਨੇੜੇ, ਅਲ ਹੁਦੈਦਾ ਅਤੇ ਦਾਮਾਰ ਸੂਬੇ ਵਿਚ ਸਾਊਦੀ ਅਰਬ ਦੀ ਅਗਵਾਈ ਵਿਚ ਗਠਜੋੜ ਫ਼ੌਜ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 32 ਲੋਕ ਮਾਰੇ ਗਏ। ਮਰਨ ਵਾਲਿਆਂ 'ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਚਸ਼ਮਦੀਦਾਂ ਨੇ ਦਸਿਆ ਕਿ ਰਾਜਧਾਨੀ ਨੇੜੇ ਅਸਰ ਸ਼ਹਿਰ 'ਚ 11 ਲੋਕ ਮਾਰੇ ਗਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਹਮਲੇ 'ਚ ਸ਼ਹਿਰ ਦੇ ਮਿਸਰੀ ਕਬਰਗਾਹ ਪਿੱਛੇ ਸਥਿਤ ਇਕ ਘਰ ਤਬਾਹ ਹੋ ਗਿਆ, ਜਿਸ ਦੇ ਅੰਦਰ ਮੌਜੂਦ 9 ਲੋਕਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਦੋ ਹੋਰ ਰਾਹਗੀਰ ਵੀ ਮਾਰੇ ਗਏ।
ਮੀਡੀਆ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਗਠਜੋੜ ਫ਼ੌਜ ਨੇ ਸੋਮਵਾਰ ਨੂੰ ਹੌਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਹੌਤੀ ਬਾਗ਼ੀਆਂ ਵਲੋਂ ਸੰਚਾਲਿਤ ਅਲ-ਮਸੀਰਾ ਟੈਲੀਵਿਜ਼ਨ ਮੁਤਾਬਕ ਅਲ ਹੁਦੈਦਾ ਸੂਬੇ ਦੇ ਅਲ ਜੇਰਾਹੀ ਸ਼ਹਿਰ 'ਚ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਦੋ ਹਵਾਈ ਹਮਲੇ ਕੀਤੇ ਗਏ, ਜਿਸ 'ਚ 9 ਲੋਕ ਮਾਰੇ ਗਏ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਅਲ ਹੁਦੈਦਾ ਦੇ ਇਕ ਖੇਤ ਵਿਚ ਬੰਬ ਸੁਟਿਆ ਗਿਆ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦਾਮਾਰ ਸੂਬੇ ਵਿਚ ਕਸਟਮ ਦਫ਼ਤਰ 'ਤੇ ਕੀਤੇ ਗਏ ਹਵਾਈ ਹਮਲੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ 55 ਹੋਰ ਜ਼ਖ਼ਮੀ ਹੋਏ ਹਨ। (ਪੀਟੀਆਈ)