
ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੂੰ ਸ਼ਨੀਵਾਰ ਸਵੇਰੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੂੰ ਸ਼ਨੀਵਾਰ ਸਵੇਰੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਸਮੂਹ ‘ਗੁਪਕਾਰ ਗਠਜੋੜ’ ਵੱਲੋਂ ਸ਼ਨੀਵਾਰ ਨੂੰ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸ ਪ੍ਰਦਰਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਗੂਆਂ ਦੇ ਘਰਾਂ ਨੂੰ ਤਾਲੇ ਲਗਾ ਦਿੱਤੇ ਗਏ ਅਤੇ ਘਰਾਂ ਦੇ ਸਾਹਮਣੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ।
ਉਮਰ ਅਬਦੁੱਲਾ ਨੇ ਗੇਟ 'ਤੇ ਪੁਲਿਸ ਦੀ ਕਾਰ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, "ਸ਼ੁਭ ਸਵੇਰ, 2022 ਵਿਚ ਤੁਹਾਡਾ ਸੁਆਗਤ ਹੈ। ਨਵਾਂ ਸਾਲ, ਉਸੇ ਪੁਰਾਣੀ ਜੰਮੂ-ਕਸ਼ਮੀਰ ਪੁਲਿਸ ਨਾਲ ਜੋ ਲੋਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਉਹਨਾਂ ਦੇ ਘਰਾਂ ਵਿਚ ਬੰਦ ਕਰ ਰਹੀ ਹੈ ਅਤੇ ਇਕ ਪ੍ਰਸ਼ਾਸਨ ਜੋ ਆਮ ਲੋਕਤੰਤਰੀ ਗਤੀਵਿਧੀਆਂ ਤੋਂ ਇੰਨਾ ਡਰਿਆ ਹੋਇਆ ਹੈ ਕਿ ਉਹ ਸ਼ਾਂਤਮਈ ਧਰਨੇ ਨੂੰ ਰੋਕ ਰਿਹਾ ਹੈ। ਪ੍ਰਦਰਸ਼ਨ ਨੂੰ ਰੋਕਣ ਲਈ ਗੇਟ 'ਤੇ ਜੰਮੂ-ਕਸ਼ਮੀਰ ਪੁਲਿਸ ਦੇ ਵੱਡੇ ਟਰੱਕ ਖੜ੍ਹੇ ਕੀਤੇ ਗਏ ਹਨ। ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।"
ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ, "ਪੁਲਿਸ ਦੇ ਅਰਾਜਕ ਰਾਜ ਦੀ ਗੱਲ ਕਰੀਏ ਤਾਂ ਪੁਲਿਸ ਨੇ ਮੇਰੇ ਪਿਤਾ ਦੇ ਘਰ ਨੂੰ ਮੇਰੀ ਭੈਣ ਦੇ ਘਰ ਨਾਲ ਜੋੜਨ ਵਾਲੇ ਅੰਦਰਲੇ ਦਰਵਾਜ਼ੇ ਨੂੰ ਵੀ ਬੰਦ ਕਰ ਦਿੱਤਾ ਹੈ, ਫਿਰ ਸਾਡੇ ਨੇਤਾਵਾਂ ਵਿਚ ਇੰਨੀ ਹਿੰਮਤ ਹੈ ਕਿ ਉਹ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਹੈ।"
ਪੀਡੀਪੀ ਦੀ ਨੇਤਾ ਅਤੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, "ਭਾਰਤ ਸਰਕਾਰ ਨੇ ਧਾਰਾ 370 ਨੂੰ ਖਤਮ ਕਰਕੇ ਜੰਮੂ-ਕਸ਼ਮੀਰ ਨੂੰ ਵੱਖ ਕਰ ਦਿੱਤਾ, ਪਰ ਜਦੋਂ ਜੰਮੂ-ਕਸ਼ਮੀਰ ਦੇ ਲੋਕ ਇਸਦਾ ਵਿਰੋਧ ਕਰਨਾ ਚਾਹੁੰਦੇ ਹਨ, ਤਾਂ ਇਹ ਸਰਕਾਰ ਡਰ ਗਈ ਹੈ ਅਤੇ ਅਸਹਿਣਸ਼ੀਲ ਹੋ ਗਈ ਹੈ। 15ਵੀਂ ਵਾਰ ਸਾਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਲਈ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।"
ਅਸਲ ਵਿਚ ਇਹ ਪਾਰਟੀਆਂ ਕੇਂਦਰ ਸਰਕਾਰ ਵੱਲੋਂ ਸੱਤ ਨਵੀਆਂ ਵਿਧਾਨ ਸਭਾ ਸੀਟਾਂ ਦੀ ਵੰਡ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੀਆਂ ਸਨ। 17 ਫਰਵਰੀ 2020 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 107 ਤੋਂ ਵੱਧ ਕੇ 114 ਹੋ ਜਾਵੇਗੀ। ਇਹਨਾਂ ਵਿਚੋਂ 24 ਸੀਟਾਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਲਈ ਰਾਖਵੀਆਂ ਹਨ। ਇਸ ਕਾਰਨ ਜੰਮੂ ਖੇਤਰ 'ਚ 6 ਸੀਟਾਂ ਵਧ ਕੇ 43 ਹੋ ਗਈਆਂ ਹਨ ਜਦਕਿ ਕਸ਼ਮੀਰ 'ਚ ਸਿਰਫ 1 ਸੀਟ ਵਧ ਕੇ 47 ਸੀਟਾਂ ਰਹਿ ਗਈਆਂ ਹਨ।