
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਹਮਲਿਆਂ 'ਚ ਕਾਫੀ ਕਮੀ ਆਈ ਹੈ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਹਮਲਿਆਂ 'ਚ ਕਾਫੀ ਕਮੀ ਆਈ ਹੈ। ਉਹਨਾਂ ਕਿਹਾ ਕਿ ਇਸ ਕਦਮ ਦਾ ਅਸਰ ਅੱਤਵਾਦੀਆਂ ਦੇ ਨਾਲ-ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ 'ਤੇ ਵੀ ਪਿਆ ਹੈ ਅਤੇ ਉਹਨਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਸੂਬੇ ਦੇ ਭਵਿੱਖ ਲਈ ਚੰਗਾ ਸੰਕੇਤ ਹੈ।
Nityanand Rai
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਉੱਚ ਸਦਨ 'ਚ ਕਿਹਾ ਕਿ 16 ਅਪ੍ਰੈਲ 2017 ਤੋਂ 4 ਅਗਸਤ 2019 ਤੱਕ ਜੰਮੂ-ਕਸ਼ਮੀਰ 'ਚ ਕੁੱਲ 843 ਅੱਤਵਾਦੀ ਘਟਨਾਵਾਂ ਹੋਈਆਂ। ਇਸ ਵਿਚ 86 ਆਮ ਨਾਗਰਿਕ ਅਤੇ 78 ਸੁਰੱਖਿਆ ਕਰਮੀਆਂ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ 5 ਅਗਸਤ 2019 ਤੋਂ 22 ਨਵੰਬਰ 2021 ਤੱਕ ਜੰਮੂ-ਕਸ਼ਮੀਰ ਵਿਚ ਕੁੱਲ 841 ਦਿਨਾਂ ਵਿਚ ਕੁੱਲ 496 ਅੱਤਵਾਦੀ ਘਟਨਾਵਾਂ ਹੋਈਆਂ। ਇਹਨਾਂ ਵਿਚ 79 ਆਮ ਨਾਗਰਿਕ ਅਤੇ 45 ਸੁਰੱਖਿਆ ਕਰਮਚਾਰੀ ਮਾਰੇ ਗਏ।
Article 370
ਰਾਏ ਨੇ ਕਿਹਾ ਕਿ ਅਗਸਤ 2014 ਤੋਂ ਅਗਸਤ 2019 ਦਰਮਿਆਨ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੇ 177 ਨਾਗਰਿਕਾਂ ਅਤੇ 178 ਫੌਜੀ ਜਵਾਨਾਂ ਦੀ ਹੱਤਿਆ ਕੀਤੀ ਹੈ। ਅਗਸਤ 2019 ਤੋਂ ਲੈ ਕੇ 21 ਨਵੰਬਰ 2021 ਤੱਕ ਅੱਤਵਾਦੀਆਂ ਨੇ 87 ਆਮ ਨਾਗਰਿਕਾਂ ਅਤੇ 46 ਸੈਨਿਕਾਂ ਦੀ ਹੱਤਿਆ ਕੀਤੀ। ਉਹਨਾਂ ਕਿਹਾ ਕਿ ਸਮੁੱਚੇ ਅੰਕੜੇ ਦੱਸਦੇ ਹਨ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ 'ਚ ਕਾਫੀ ਕਮੀ ਆਈ ਹੈ।