
11 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਏ ਸੰਕਟ ਦੌਰਾਨ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਸੰਸਦ ਵਿਚ ਕੇਂਦਰੀ ਬਜਟ 2021-22 ਪੇਸ਼ ਕੀਤਾ ਜਾਵੇਗਾ। ਸਦਨ ਦੀ ਕਾਰਵਾਈ ਸਵੇਰੇ ਕਰੀਬ 11 ਵਜੇ ਸ਼ੁਰੂ ਹੋਵੇਗੀ। ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵੀ ਹੋਵੇਗੀ।
Nirmala Sitharaman
ਦੱਸ ਦਈਏ ਕਿ ਬਜਟ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਈ ਸੀ। ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਸਦਨ ਵਿਚ ਆਰਥਿਕ ਸਰਵੇਖਣ 2020-21 ਪੇਸ਼ ਕੀਤਾ ਗਿਆ।
PM Modi and Nirmala Sitharaman
ਇਸ ਸਰਵੇ ਮੁਤਾਬਕ ਅਗਲੇ ਵਿੱਤੀ ਵਰ੍ਹੇ ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 11 ਫੀਸਦੀ ਤੱਕ ਪਹੁੰਚ ਜਾਵੇਗੀ। ਕੋਵਿਡ-19 ਮਹਾਂਮਾਰੀ ਕਾਰਨ ਆਰਥਿਕ ਸਥਿਤੀ ਵਿਚ ਸੁਧਾਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ 31 ਮਾਰਚ 2021 ਨੂੰ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਜੀਡੀਪੀ ਵਿਚ ਰਿਕਾਰਡ 7.7 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਜਤਾਇਆ ਗਿਆ ਹੈ।
Nirmala Sitharaman
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਅਪਣਾ ਲਗਾਤਾਰ ਤੀਜਾ ਬਜਟ ਪੇਸ਼ ਕਰਨ ਜਾ ਰਹੀ ਹੈ। ਆਮ ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਜਟ ਨਾਲ ਮਹਾਂਮਾਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਬਜਟ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਅਤੇ ਰੱਖਿਆ ‘ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ 'ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ।