
26 ਜਨਵਰੀ ਦੀ ਘਟਨਾ 'ਤੇ ਰਾਸ਼ਟਰਪਤੀ ਨੇ ਜਤਾਈ ਨਰਾਜ਼ਗੀ, ਕਿਹਾ ਤਿਰੰਗੇ ਅਤੇ ਗਣਤੰਤਰ ਦਿਵਸ ਵਰਗੇ ਪਵਿੱਤਰ ਦਿਨ ਦਾ ਅਪਮਾਨ ਮੰਦਭਾਗਾ
ਨਵੀਂ ਦਿੱਲੀ: ਬਜਟ ਇਜਲਾਸ ਸ਼ੁਰੂ ਹੋਣ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਪਣੇ ਭਾਸ਼ਣ ਵਿਚ ਨਵੇਂ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਟਿੱਪਣੀ ਕੀਤੀ। ਉਹਨਾਂ ਕਿਹਾ ਖੇਤੀ ਕਾਨੂੰਨ ਇਤਿਹਾਸਕ ਹਨ ਅਤੇ ਸਰਕਾਰ ਇਸ ਸਬੰਧੀ ਲੋਕਾਂ ਦੇ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਹੋ ਰਿਹਾ ਇਹ ਇਜਲਾਸ ਬੇਹੱਦ ਅਹਿਮ ਹੈ। ਨਵਾਂ ਸਾਲ ਵੀ ਹੈ ਅਤੇ ਨਵਾਂ ਦਹਾਕਾ ਵੀ। ਇਸ ਦਹਾਕੇ ਵਿਚ ਅਸੀਂ ਅਜ਼ਾਦੀ ਦੇ 75ਵੇਂ ਸਾਲ ਵੀ ਦਾਖਲ ਹੋਣ ਜਾ ਰਹੇ ਹਾਂ।
Ram nath kovind
ਉਹਨਾਂ ਕਿਹਾ ਮਹਾਂਮਾਰੀ ਖਿਲਾਫ ਇਸ ਜੰਗ ਦੌਰਾਨ ਕਈ ਲੋਕ ਸਾਨੂੰ ਛੱਡ ਕੇ ਚਲੇ ਗਏ। ਇਸ ਦੌਰਾਨ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਦਾ ਵੀ ਜ਼ਿਕਰ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਹਾਂਮਾਰੀ ਦੌਰਾਨ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋਈ ਹੈ। ਭਾਰਤ ਨੇ ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਮੁਹੱਈਆ ਵੀ ਕਰਵਾਈ।
Ram Nath Kovind
ਇਸ ਵਿਚਾਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਇਤਿਹਾਸਕ ਦੱਸਿਆ ਹੈ। ਉਹਨਾਂ ਕਿਹਾ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ, ਇਸ ਸਬੰਧੀ ਸਰਕਾਰ ਲੋਕਾਂ ਦੇ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਚ ਹੋਈ ਹਿੰਸਾ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ।
Red Fort
ਉਹਨਾਂ ਕਿਹਾ, ‘ਪਿਛਲੇ ਦਿਨੀਂ ਹੋਇਆ ਤਿਰੰਗੇ ਅਤੇ ਗਣਤੰਤਤਰ ਦਿਵਸ ਵਰਗੇ ਪਵਿੱਤਰ ਦਿਨ ਦਾ ਅਪਮਾਨ ਮੰਦਭਾਗਾ ਹੈ। ਜੋ ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਸ਼ਾਸਨ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ’। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਜੂਨ 2020 ਵਿਚ ਗਲਵਾਨ ਘਾਟੀ ਵਿਖੇ ਸ਼ਹੀਦ ਹੋਣ ਵਾਲੇ 20 ਫੌਜੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ।