
ਦਿੱਲੀ ਦੰਗਿਆਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁਕੇਗੀ ਕਾਂਗਰਸ
ਨਵੀਂ ਦਿੱਲੀ : ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ 2 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਦਾ ਪਹਿਲਾ ਗੇੜ 31 ਜਨਵਰੀ ਤੋਂ 11 ਫ਼ਰਵਰੀ ਤਕ ਚਲਿਆ ਸੀ। ਸੂਤਰਾਂ ਮੁਤਾਬਕ ਦਿੱਲੀ ਵਿਚ ਹੋਏ ਫ਼ਿਰਕੂ ਦੰਗਿਆਂ ਦਾ ਮਾਮਲਾ ਸੋਮਵਾਰ ਨੂੰ ਸੰਸਦ ਵਿਚ ਜ਼ੋਰ-ਸ਼ੋਰ ਨਾਲ ਚੁਕਿਆ ਜਾਵੇਗਾ।
Photo
ਕਾਂਗਰਸ ਇਸ ਮਾਮਲੇ ਵਿਚ ਦਿੰਲੀ ਪੁਲਿਸ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰੇਗੀ। ਸੂਤਰਾਂ ਨੇ ਦਸਿਆ ਕਿ ਕਾਂਗਰਸ ਫ਼ਿਰਕੂ ਦੰਗਿਆਂ ਦੇ ਮਾਮਲੇ ਵਿਚ ਬਹਿਸ ਕਰਾਉਣ ਦੀ ਮੰਗ ਕਰ ਸਕਦੀ ਹੈ। ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਪਾਰਟੀ ਦਿੱਲੀ ਦੇ ਦੰਗਿਆਂ ਦਾ ਮੁੱਦਾ ਸੰਸਦ ਵਿਚ ਜ਼ੋਰ-ਸ਼ੋਰ ਨਾਲ ਚੁੱਕੇਗੀ।
Photo
ਚੌਧਰੀ ਨੇ ਕਿਹਾ, 'ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਨਕਾਰਾ ਸਾਬਤ ਹੋਈ ਹੈ। ਮੈਨੂੰ ਲਗਦਾ ਹੈ ਕਿ ਦੰਗੇ ਫੈਲਾਉਣ ਵਾਲਿਆਂ ਅਤੇ ਪੁਲਿਸ ਅਧਿਕਾਰੀਆਂ ਦੇ ਇਕ ਵਰਗ ਦੀ ਮਿਲੀਭੁਗਤ ਹੋ ਸਕਦੀ ਹੈ ਜਿਸ ਕਾਰਨ ਏਨੇ ਵੱਡੇ ਪੱਧਰ 'ਤੇ ਹਿੰਸਕ ਘਟਨਾਵਾਂ ਵਾਪਰੀਆਂ।'
Photo
ਕਾਂਗਰਸ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਵੀ ਕਿਹਾ ਕਿ ਕਾਂਗਰਸ ਦੇਸ਼ ਵਿਚ ਜਮਹੂਰੀ ਕਦਰਾਂ-ਕੀਮਤਾਂ ਨੂੰ ਨਸ਼ਟ ਕਰਨ ਦਾ ਮੁੱਦਾ ਸੰਸਦ ਵਿਚ ਉਠਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ, 'ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਦਾ ਤਰੀਕਾ, ਸਾਂਝੀ ਰਣਨੀਤੀ ਦਾ ਹਿੱਸਾ ਹੋਵੇਗਾ ਅਤੇ ਇਹ ਅਜਿਹਾ ਵਿਸ਼ਾ ਨਹੀਂ ਹੈ ਜਿਸ ਨੂੰ ਜਨਤਕ ਕੀਤਾ ਜਾਵੇ।'