
ਯੂਕਰੇਨ ਵਿਚ ਭਾਰਤੀ ਦੂਤਾਵਾਸ ਵਲੋਂ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਦੀ ਸਲਾਹ ਦੇਣ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।
ਨਵੀਂ ਦਿੱਲੀ: ਯੂਕਰੇਨ ਵਿਚ ਭਾਰਤੀ ਦੂਤਾਵਾਸ ਵਲੋਂ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਦੀ ਸਲਾਹ ਦੇਣ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪਾਰਟੀ ਨੇ ਕਿਹਾ ਕਿ ਜੰਗ ਪ੍ਰਭਾਵਿਤ ਦੇਸ਼ ਵਿਚ ਫਸੇ ਹਜ਼ਾਰਾਂ ਭਾਰਤੀ ਨਾਗਰਿਕਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ‘ਆਤਮ-ਨਿਰਭਰ’ ਬਣਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਜ਼ਿੰਦਗੀ ਅਤੇ ਮੌਤ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ 'ਮਦਦ' ਦੀ ਥਾਂ ਸਿਰਫ਼ 'ਆਤਮ-ਨਿਰਭਰ ਸਲਾਹ'? ਪਿਛਲੇ 5 ਦਿਨਾਂ ਤੋਂ ਯੂਕਰੇਨ ਵਿਚ ਮੋਦੀ ਸਰਕਾਰ ਹਜ਼ਾਰਾਂ ਬੱਚਿਆਂ ਨੂੰ ਇਧਰ ਉਧਰ ਨੂੰ ਭਜਾ ਰਹੀ ਹੈ? ਤਬਾਹੀ ਦੇ ਮੰਜਰ ਵਿਚੋਂ ਕਿਵੇਂ ਨਿਕਲਣਾ ਹੈ, ਦੂਰੀ ਕਿਵੇਂ ਤੈਅ ਕਰਨੀ ਹੈ ਅਤੇ ਕਿੱਥੇ ਜਾਣਾ ਹੈ? ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਦੋਂ ਤੱਕ?”
ਜ਼ਿਕਰਯੋਗ ਹੈ ਕਿ ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਟ੍ਰੇਨ ਜਾਂ ਉਪਲਬਧ ਕਿਸੇ ਹੋਰ ਸਾਧਨ ਰਾਹੀਂ ਤੁਰੰਤ ਕੀਵ ਛੱਡਣ ਦਾ ਸੁਝਾਅ ਦਿੱਤਾ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਜੰਗ ਪ੍ਰਭਾਵਿਤ ਦੇਸ਼ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗਦੀਆਂ ਉਸ ਦੀਆਂ ਸਰਹੱਦੀ ਚੌਕੀਆਂ ਰਾਹੀਂ ਆਪਣੇ ਨਾਗਰਿਕਾਂ ਨੂੰ ਤੋਂ ਬਾਹਰ ਕੱਢ ਰਿਹਾ ਹੈ।