
ਪੁਲਵਾਮਾ ਜ਼ਿਲ੍ਹੇ 'ਚ ਮੁੱਰਨ ਚੌਕ ਇਲਾਕੇ ਦੇ ਨੇੜੇ ਅਤਿਵਾਦੀਆਂ ਨੇ ਮੁਹੰਮਦ ਅਸ਼ਰਫ਼ ਮੀਰ ਨਾਮਕ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ
ਦਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਵੱਖ-ਵੱਖ ਘਟਨਾਵਾਂ 'ਚ ਅਤਿਵਾਦੀਆਂ ਦੀ ਗੋਲੀਬਾਰੀ 'ਚ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਪੁਲਵਾਮਾ ਜ਼ਿਲ੍ਹੇ 'ਚ ਮੁੱਰਨ ਚੌਕ ਇਲਾਕੇ ਦੇ ਨੇੜੇ ਅਤਿਵਾਦੀਆਂ ਨੇ ਮੁਹੰਮਦ ਅਸ਼ਰਫ਼ ਮੀਰ ਨਾਮਕ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ। ਮੀਰ ਪੁਲਵਾਮਾ 'ਚ ਮਾਚਪੁਰਾ ਦੇ ਰਹਿਣ ਵਾਲੇ ਸਨ, ਹਾਲਾਂਕਿ ਇਸ ਵੇਲੇ ਉਹ ਸ਼ਹਿਰ ਦੇ ਚਾਨਾਪੋਰਾ ਇਲਾਕੇ 'ਚ ਰਹਿੰਦੇ ਸਨ। ਉਨ੍ਹਾਂ ਦਸਿਆ ਕਿ ਮੀਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿਤਾ। ਇਸ ਤੋਂ ਪਹਿਲਾਂ ਪੁਲਿਸ ਨੇ ਇਕ ਸਥਾਨਕ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿਤੀ ਸੀ, ਪਰ ਬਾਅਦ 'ਚ ਉਨ੍ਹਾਂ ਉਸ ਵਿਅਕਤੀ ਦੀ ਪਛਾਣ ਯਕੀਨੀ ਕੀਤੀ ਅਤੇ ਪਾਇਆ ਕਿ ਮੀਰ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸਨ। ਇਕ ਹੋਰ ਘਟਨਾ 'ਚ ਅਤਿਵਾਦੀਆਂ ਨੇ ਅਨੰਤਨਾਗ ਦੇ ਖਾਨਾਬਲ ਚੌਕ ਇਲਾਕੇ 'ਚ ਆਵਾਜਾਈ ਡਿਊਟੀ 'ਤੇ ਤੈਨਾਤ ਪੁਲਿਸ ਅਧਿਕਾਰੀ ਤੁਰਗ ਸਿੰਘ 'ਤੇ ਗੋਲੀ ਚਲਾ ਦਿਤੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਬਿਹਤਰ ਇਲਾਜ ਲਈ ਉਸ ਨੂੰ ਉਥੋਂ ਸ੍ਰੀਨਗਰ ਦੇ ਹਸਪਤਾਲ ਭੇਜ ਦਿਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਸੁਰੱਖਿਆ ਫ਼ੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
Terrorist
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ ਅਨੰਤਨਾਗ 'ਚ ਅਤਿਵਾਦੀਆਂ ਨੇ ਵਿਸ਼ੇਸ਼ ਪੁਲਿਸ ਅਧਿਕਾਰੀ ਦਾ ਕਤਲ ਕਰ ਦਿਤਾ ਸੀ ਅਤੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰ ਦਿਤਾ ਸੀ। ਉਸੇ ਦਿਨ ਇਕ ਹੋਰ ਘਟਨਾ 'ਚ ਅਤਿਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਚਾਨਸੇਰ 'ਚ ਇਕ ਵਿਅਕਤੀ ਉਤੇ ਗੋਲੀ ਚਲਾਈ।
ਇਸ ਤੋਂ ਪਹਿਲਾਂ ਅਤਿਵਾਦੀਆਂ ਨੇ 29 ਮਾਰਚ ਨੂੰ ਤਿੰਨ ਹਮਲੇ ਕੀਤੇ ਸਨ, ਜਿਸ 'ਚ ਫ਼ੌਜ ਦੀਆਂ ਰਾਸ਼ਟਰੀ ਰਾਈਫਲਜ਼ ਦੇ ਜਵਾਨ ਸਮੇਤ ਇਕ ਅਧਿਆਪਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਤਿਵਾਦੀਆਂ ਦੇ ਇਸ ਹਮਲੇ ਦਾ ਫ਼ੌਜ ਵਲੋਂ ਮੂੰਹਤੋੜ ਜਵਾਬ ਦਿਤਾ ਗਿਆ ਸੀ। ਇਸ ਤੋਂ ਇਲਾਵਾ ਅਨੰਤਨਾਗ ਦੇ ਬਿਜਬੇਹਰਾ 'ਚ ਵਿਸ਼ੇਸ਼ ਅਫ਼ਸਰ ਮੁਸ਼ਤਾਕ ਅਹਿਮਦ ਸ਼ੇਖ ਅਤੇ ਉਨ੍ਹਾਂ ਦੀ ਪਤਨੀ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਘਟਨਾ 'ਚ ਸ਼ੇਖ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਫ਼ਰੀਦਾ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। (ਏਜੰਸੀਆਂ)