
ਚੀਨੀ ਫ਼ੌਜੀਆਂ ਨੇ ਭਾਰਤੀ ਖੇਤਰ 'ਚ ਇਕ ਕਿਲੋਮੀਟਰ ਅੰਦਰ ਤਕ ਘੁਸਪੈਠ ਕਰਦਿਆਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਪਸ਼ੂ ਚਰਾ ਰਹੇ ਚਰਵਾਹਿਆਂ ਨੂੰ..
ਨਵੀਂ ਦਿੱਲੀ, 31 ਜੁਲਾਈ : ਚੀਨੀ ਫ਼ੌਜੀਆਂ ਨੇ ਭਾਰਤੀ ਖੇਤਰ 'ਚ ਇਕ ਕਿਲੋਮੀਟਰ ਅੰਦਰ ਤਕ ਘੁਸਪੈਠ ਕਰਦਿਆਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਪਸ਼ੂ ਚਰਾ ਰਹੇ ਚਰਵਾਹਿਆਂ ਨੂੰ ਧਮਕੀਆਂ ਦਿਤੀਆਂ। ਘਟਨਾ ਦੀ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਨੇ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਕਿਹਾ ਕਿ ਇਹ ਘਟਨਾ 25 ਜੁਲਾਈ ਦੀ ਹੈ ਜਦੋਂ ਸਵੇਰ ਵੇਲੇ ਚੀਨੀ ਫ਼ੌਜ ਭਾਰਤੀ ਖੇਤਰ ਵਿਚ ਦਾਖ਼ਲ ਹੋਏ ਅਤੇ ਪਸ਼ੂ ਚਰਾ ਰਹੇ ਦਿਹਾਤੀ ਲੋਕਾਂ ਨੂੰ ਇਲਾਕਾ ਛੱਡਣ ਲਈ ਆਖਿਆ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਚੀਨੀ ਅਤੇ ਭਾਰਤੀ ਫ਼ੌਜਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਚੀਨੀ ਫ਼ੌਜੀਆਂ ਵਲੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ ਪਰ ਇਨ੍ਹਾਂ ਨੂੰ ਸਥਾਨਕ ਪੱਧਰ 'ਤੇ ਹੱਲ ਕਰ ਲਿਆ ਗਿਆ।
ਆਈ.ਟੀ.ਬੀ.ਪੀ. ਦੇ ਇਕ ਅਧਿਕਾਰੀ ਨੇ ਕਿਹਾ, ''ਚੀਨ ਦੇ ਸਿਪਾਹੀ ਅਕਸਰ ਸਾਡੇ ਇਲਾਕੇ ਵਿਚ ਆਉਂਦੇ ਰਹਿੰਦੇ ਹਨ। ਅਜਿਹਾ ਪਿਛਲੇ ਕਈ ਦਹਾਕਿਆਂ ਤੋਂ ਹੋ ਰਿਹਾ ਹੈ ਪਰ ਉਹ ਕੁੱਝ ਸਮਾਂ ਠਹਿਰਨ ਪਿੱਛੋਂ ਵਾਪਸ ਚਲੇ ਜਾਂਦੇ ਹਨ।''
ਦੂਜੇ ਪਾਸੇ ਭਾਰਤੀ ਫ਼ੌਜ ਨੇ ਇਸ ਬਾਰੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਪਰ ਇਕ ਅਧਿਕਾਰੀ ਨੇ ਕਿਹਾ ਕਿ ਸਰਹੱਦ ਬਾਰੇ ਵੱਖ ਵੱਖ ਧਾਰਨਾ ਹੋਣ ਕਾਰਨ ਘੁਸਪੈਠ ਦੀ ਘਟਨਾ ਸਾਹਮਣੇ ਆਉਂਦੀ ਹੈ।