
ਸਿੱਖ ਇਤਿਹਾਸ 'ਚ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਅਖੰਡ ਪਾਠੀ ਸਿੰਘਾਂ ਨੇ ਅੱਜ ਤਨਖ਼ਾਹ ਵਧਾਉਣ ਤੇ ਹੋਰ ਸਹੂਲਤਾਂ ਲੈਣ ਲਈ ਅਕਾਲ ਤਖ਼ਤ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ, 31 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਇਤਿਹਾਸ 'ਚ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਅਖੰਡ ਪਾਠੀ ਸਿੰਘਾਂ ਨੇ ਅੱਜ ਤਨਖ਼ਾਹ ਵਧਾਉਣ ਤੇ ਹੋਰ ਸਹੂਲਤਾਂ ਲੈਣ ਲਈ ਅਕਾਲ ਤਖ਼ਤ ਵਿਖੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ 250 ਦੇ ਕਰੀਬ ਅਖੰਡ ਪਾਠੀਆਂ ਨੇ ਸਤਿਨਾਮ ਵਾਹਿਗੁਰੂ ਦਾ ਨਾਅ ਜਪਦਿਆਂ ''ਬੋਲੇ ਸੋ ਨਿਹਾਲ ਦੇ ਨਾਹਰੇ'' ਲਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖੰਡ ਪਾਠੀ ਸਿੰਘਾਂ ਦੇ ਆਗੂਆਂ ਸ਼ਿਵਦੇਵ ਸਿੰਘ, ਹਰਪਾਲ ਸਿੰਘ, ਅੰਗਰੇਜ਼ ਸਿੰਘ ਨੇ ਦਸਿਆ ਕਿ ਉਹ ਹੱਕੀ ਮੰਗਾਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਅੱਠ ਮਹੀਨੇ ਤੋਂ ਕਿਸੇ ਨੇ ਸੁਣਵਾਈ ਨਹੀਂ ਕੀਤੀ।
ਅੰਗਰੇਜ਼ ਸਿੰਘ ਅਖੰਡ ਪਾਠੀ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਦੀਆਂ ਦੋਵੇਂ ਲੱਤਾਂ ਕਟਣੀਆਂ ਪਈਆਂ। ਅਖੰਡ ਪਾਠੀ ਗ਼ਰੀਬ ਘਰ ਦਾ ਸੀ ਜੋ ਅਮਨਦੀਪ ਹਸਪਤਾਲ ਦਾਖ਼ਲ ਸੀ। ਹਸਪਤਾਲ ਪ੍ਰਬੰਧਕਾਂ ਅੱਠ ਲੱਖ ਅਪ੍ਰੇਸ਼ਨ ਦੇ ਮੰਗੇ ਸਨ। ਸ਼੍ਰੋਮਣੀ ਕਮੇਟੀ ਨੇ ਕੋਈ ਤਰਸ ਨਹੀਂ ਕੀਤਾ। ਜੇ ਸ਼੍ਰੋਮਣੀ ਕਮੇਟੀ 8 ਲੱਖ ਜਮ੍ਹਾਂ ਕਰਵਾ ਦਿੰਦੀ ਤਾਂ ਉਸ ਦੀ ਇਕ ਲੱਤ ਬਚ ਸਕਦੀ ਸੀ।
ਦਰਬਾਰ ਸਾਹਿਬ ਮੱਥਾ ਟੇਕਣ ਆਈ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਅਖੰਡ ਪਾਠੀ ਸਿੰਘਾਂ ਵਲੋ ਗੁਰੂ ਘਰ ਵਿਚ ਰੋਸ ਪ੍ਰਦਰਸ਼ਨ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਗੁਰੂ ਘਰ 'ਚ ਯੂਨੀਅਨ ਬਣਾ ਕੇ ਰੋਸ ਮੁਜ਼ਾਹਰਾ ਕਰ ਕੇ ਉਨ੍ਹਾਂ ਗੁਨਾਹ ਕੀਤਾ ਹੈ। ਗ੍ਰੰਥੀਆਂ ਨੇ ਧਰਨਾ ਦੇ ਕੇ ਬੱਜਰ ਗ਼ਲਤੀ ਕਰ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਭਾਈ ਰਾਮ ਸਿੰਘ ਮੈਂਬਰ ਅੰਤ੍ਰਿਗ ਕਮੇਟੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਜਾਣਕਾਰੀ ਮੁਤਾਬਕ ਪੰਜ ਘੰਟੇ ਧਰਨੇ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਮੰਗਾਂ ਸਵੀਕਾਰ ਕਰਨ ਤੋਂ ਬਾਅਦ ਅਖੰਡ ਪਾਠੀ ਸਿੰਘਾਂ ਨੇ ਅੰਦੋਲਨ ਖ਼ਤਮ ਕਰ ਦਿਤਾ। ਸ਼੍ਰੋਮਣੀ ਕਮੇਟੀ ਹੁਣ ਉਨ੍ਹਾਂ ਨੂੰ 750 ਤੋਂ 800 ਰੁਪੈ ਪ੍ਰਤੀ ਪਾਠ ਦਿਆ ਕਰੇਗੀ। ਉਨ੍ਹਾਂ ਦੀ ਬਣਦੀ ਰਾਸ਼ੀ ਏਟੀਐਮ ਰਾਹੀਂ ਮਿਲੇਗੀ। ਪਾਠੀਆ ਨੂੰ ਵੀ ਬੀਮਾ ਸਕੀਮ ਦੇ ਅਧੀਨ ਲਿਆਉਣ, ਉਨ੍ਹਾਂ ਨੂੰ ਮੈਡੀਕਲ ਭੱਤਾ ਅਤੇ ਹੋਰ ਸਹੂਲਤਾਂ ਦੇਣ ਦਾ ਭਰੋਸਾ ਵੀ ਦਿਤਾ ਗਿਆ।
ਅੱਜ ਪਾਠੀਆਂ ਵਲੋਂ ਦਿਤੇ ਗਏ ਧਰਨੇ ਕਾਰਨ 40 ਦੇ ਕਰੀਬ ਅਖੰਡ ਪਾਠ ਸ਼ੁਰੂ ਨਹੀਂ ਹੋ ਸਕੇ ਪਰ ਕੁੱਝ ਅਖੰਡ ਪਾਠ ਸ਼੍ਰੋਮਣੀ ਕਮੇਟੀ ਦੇ ਪੱਕੇ ਗੰ੍ਰਥੀਆਂ ਰਾਹੀ ਸ਼ੁਰੂ ਕਰਵਾਏ ਗਏ ਜਿਨ੍ਹਾਂ ਵਿਚ ਬਾਦਲ ਪਰਵਾਰ ਦਾ ਲੜੀਵਾਰ ਚਲਦਾ ਅਖੰਡ ਪਾਠ ਵੀ ਸ਼ਾਮਲ ਹੈ। ਅੱਜ ਕਰੀਬ 2000 ਦੇ ਕਰੀਬ ਪਾਠੀ ਰੋਸ ਵਜੋਂ ਹੜਤਾਲ 'ਤੇ ਹਨ ਤੇ ਗੁਰਦਵਾਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ, ਬਾਬਾ ਬੁੱਢਾ ਸਾਹਿਬ ਝਬਾਲ ਅਤੇ ਬਾਬਾ ਬਕਾਲਾ ਵਿਖੇ ਵੀ ਪਾਠੀਆਂ ਨੇ ਮੁਕੰਮਲ ਹੜਤਾਲ ਰੱਖੀ। ਸ਼੍ਰੋਮਣੀ ਕਮੇਟੀ ਨੇ ਅਪਣੇ ਪੱਕੇ ਗ੍ਰੰਥੀਆਂ ਰਾਹੀਂ ਸਿਰਫ਼ ਚਾਰ ਅਖੰਡ ਪਾਠ ਦੁਖ ਭੰਜਨੀ ਬੇਰੀ, ਤਿੰਨ ਝੰਡੇ ਬੁੰਗੇ, ਇਕ ਸੁਖਬੀਰ ਸਿੰਘ ਬਾਦਲ ਦਾ ਕਮਰਾ ਨੰਬਰ ਅੱਠ ਤੇ ਇਕ ਦਰਬਾਰ ਸਾਹਿਬ ਦੇ ਗੁੰਬਦ ਵਿਚ ਅਖੰਡ ਪਾਠ ਰਖਿਆ। ਇਸੇ ਤਰ੍ਹਾਂ ਗੁਰਦਵਾਰਾ ਸ਼ਹੀਦਾਂ ਵਿਖੇ 18 ਅਖੰਡ ਪਾਠ ਰੱਖੇ ਜਾਣੇ ਸਨ ਪਰ ਸਿਰਫ਼ ਇਕ ਹੀ ਰਖਿਆ ਜਾ ਸਕਿਆ ਹੈ।