
ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਰੇਲਗੱਡੀ ਦਿੱਲੀ ਅਤੇ ਚੰਡੀਗੜ੍ਹ ਵਿਚਾਲੇ ਚੱਲੇਗੀ ਅਤੇ 245 ਕਿਲੋਮੀਟਰ ਦਾ ਸਫ਼ਰ ਸਿਰਫ਼ ਦੋ ਘੰਟੇ ਵਿਚ ਤੈਅ ਹੋ ਜਾਵੇਗਾ।
ਨਵੀਂ ਦਿੱਲੀ, 31 ਜੁਲਾਈ: ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਰੇਲਗੱਡੀ ਦਿੱਲੀ ਅਤੇ ਚੰਡੀਗੜ੍ਹ ਵਿਚਾਲੇ ਚੱਲੇਗੀ ਅਤੇ 245 ਕਿਲੋਮੀਟਰ ਦਾ ਸਫ਼ਰ ਸਿਰਫ਼ ਦੋ ਘੰਟੇ ਵਿਚ ਤੈਅ ਹੋ ਜਾਵੇਗਾ। ਦਿੱਲੀ-ਚੰਡੀਗੜ੍ਹ ਰੂਟ ਉਤਰੀ ਭਾਰਤ ਦਾ ਸੱਭ ਤੋਂ ਵੱਧ ਰੁਝਿਆ ਹੋਇਆ ਰੂਟ ਹੈ। ਭਾਰਤੀ ਰੇਲਵੇ ਨੇ ਫ਼ਰਾਂਸ ਦੀ ਮਦਦ ਨਾਲ ਸੈਮੀ ਹਾਈਸਪੀਡ ਰੇਲ ਗੱਡੀਆਂ ਚਲਾ ਕੇ ਲੋਕਾਂ ਦਾ ਸਮਾਂ ਬਚਾਉਣ ਦਾ ਫ਼ੈਸਲਾ ਕੀਤਾ ਹੈ।
ਰੇਲਵੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਰੂਟ 'ਤੇ 32 ਕਿਲੋਮੀਟਰ ਦੇ ਟਰੈਕ 'ਤੇ 10 ਮੋੜ ਹਨ। ਟਰੈਕ ਨੂੰ ਸਿੱਧਾ ਕਰਨ ਲਈ ਪਹਿਲਾਂ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਸੀ ਪਰ ਇਸ ਵਿਚ ਕਾਫ਼ੀ ਦੇਰ ਹੋ ਰਹੀ ਹੈ। ਅਜਿਹੇ ਵਿਚ ਮੋੜ ਸਿੱਧਾ ਕਰਨ ਲਈ ਕੋਈ ਨਵਾਂ ਟਰੈਕ ਨਹੀਂ ਬਣੇਗਾ। ਸੈਮੀ ਹਾਈ ਸਪੀਡ ਰੇਲ ਗੱਡੀ ਦੀ ਰਫ਼ਤਾਰ ਨੂੰ ਮੋੜ 'ਤੇ ਘਟਾਇਆ ਜਾਵੇਗਾ। ਰੇਲਵੇ ਅਧਿਕਾਰੀਆਂ ਦੀ ਬੀਤੇ ਦਿਨੀਂ ਫਰਾਂਸ ਦੇ ਅਧਿਕਾਰੀਆਂ ਨਾਲ ਹੋਈ ਇਕ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ। ਫ਼ਰਾਂਸ ਦੀ ਟੀਮ ਟਰੈਕ ਨੂੰ ਅਪਡੇਟ ਕਰਨ ਨਾਲ ਜੁੜੀ ਰੀਪੋਰਟ ਅਕਤੂਬਰ ਵਿਚ ਸੌਂਪੇਗੀ। ਟਰੈਕ ਅਪਡੇਟ ਕਰਨ ਵਿਚ ਲਗਭਗ 10 ਹਜ਼ਾਰ ਕਰੋੜ ਦਾ ਖ਼ਰਚਾ ਹੋਵੇਗਾ। ਫ਼ਿਲਹਾਲ ਇਸ ਰੂਟ 'ਤੇ ਸ਼ਤਾਬਦੀ ਐਕਸਪ੍ਰੈੱਸ ਸੱਭ ਤੋਂ ਤੇਜ਼ ਚਲਦੀ ਹੈ ਜੋ ਦਿੱਲੀ-ਚੰਡੀਗੜ੍ਹ ਦੇ ਸਫ਼ਰ ਨੂੰ 3.30 ਘੰਟੇ ਵਿਚ ਮੁਕੰਮਲ ਕਰਦੀ ਹੈ। (ਪੀ.ਟੀ.ਆਈ.)