
ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਜ਼ਿਆਦਾਤਰ ਬਜ਼ੁਰਗ ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ ਹਨ
ਨਵੀਂ ਦਿੱਲੀ: ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਜ਼ਿਆਦਾਤਰ ਬਜ਼ੁਰਗ ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ ਹਨ, ਇਸ ਦੌਰਾਨ ਕੇਰਲ ਦੇ 93 ਅਤੇ 88 ਸਾਲਾ ਪਤੀ-ਪਤਨੀ ਨੇ ਅਪਣੀ ਸਾਦੀ ਜੀਵਨਸ਼ੈਲੀ ਅਤੇ ਪੋਸ਼ਟਿਕ ਭੋਜਨ ਦੀ ਮਦਦ ਨਾਲ ਇਸ ਬਿਮਰੀ ਨੂੰ ਹਰਾ ਕੇ ਸਾਰੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ। ਕਈ ਦਿਨ ਤੱਕ ਗੰਭੀਰ ਹਾਲਾਤ ਵਿਚ ਹਸਪਤਾਲ ਵਿਚ ਭਰਤੀ ਰਹਿਣ ਤੋਂ ਬਾਅਦ ਦੋਵਾਂ ਦਾ ਬਿਲਕੁਲ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਹਸਪਤਾਲ ਵਿਚ ਰਹਿਣ ਦੇ ਬਾਵਜੂਦ ਵੀ ਇਸ ਬਜ਼ੁਰਗ ਜੋੜੇ ਨੇ ਅਪਣੇ ਖਾਣੇ ਦਾ ਅੰਦਾਜ਼ ਨਹੀਂ ਬਦਲਿਆ। ਦਰਅਸਲ ਥਾਮਸ ਅਤੇ ਮਰਿਅਮਾ ਨੂੰ ਇਹ ਭਿਆਨਕ ਬਿਮਾਰੀ ਪਿਛਲੇ ਮਹੀਨੇ ਇਟਲੀ ਤੋਂ ਪਰਤੇ ਉਹਨਾਂ ਦੇ ਪੁੱਤਰ, ਨੂੰਹ ਅਤੇ ਪੋਤੇ ਤੋਂ ਹੋਈ ਸੀ ਪਰ ਹੁਣ ਪਰਿਵਾਰ ਦੇ ਪੰਜੇ ਮੈਂਬਰ ਕੋਰੋਨਾ ਵਾਇਰਸ ਨਾਂਅ ਦੀ ਇਸ ਬਿਮਾਰੀ ਤੋਂ ਮੁਕਤ ਹੋ ਗਏ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਜੋੜੇ ਨੂੰ ਅੱਜ ਛੁੱਟੀ ਦਿੱਤੀ ਜਾਵੇਗੀ। ਬਜ਼ੁਰਗ ਜੋੜੇ ਦੇ ਪੋਤੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਸ ਦੇ ਦਾਦਾ-ਦਾਦੀ ਅਪਣੀ ਜੀਵਨ ਸ਼ੈਲੀ ਦੇ ਕਾਰਨ ਹੀ ਠੀਕ ਹੋ ਸਕੇ ਹਨ। ਉਸ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਕਿਸਾਨ ਹਨ ਅਤੇ ਸ਼ਰਾਬ ਅਤੇ ਸਿਗਰੇਟ ਨੂੰ ਹੱਥ ਵੀ ਨਹੀਂ ਲਗਾਉਂਦੇ।
ਬਜ਼ੁਰਗ ਜੋੜੇ ਦੇ ਪੋਤੇ ਨੇ ਕਿਹਾ ਕਿ ਉਹ ਅਪਣੇ ਮਾਤਾ-ਪਿਤਾ ਨਾਲ ਕਈ ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਹੈ। ਦੱਸ ਦਈਏ ਕਿ ਇਸ ਸਮੇਂ ਕੋਰੋਨਾ ਵਾਇਰਸ ਵਿਸ਼ਵਵਿਆਪੀ ਸਮੱਸਿਆ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿਚ ਕੋਰੋਨਾ ਦੇ 1400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 45 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।