
ਸਟੇਟ ਕੰਜ਼ਿਊਮਰ ਕਮਿਸ਼ਨ ਨੇ ਡੇਢ ਲੱਖ ਰੁਪਏ ਫ਼ੀਸ, ਹਰਜਾਨਾ ਤੇ ਮੁਕੱਦਮਾ ਖ਼ਰਚ ਦੇਣ ਦਾ ਦਿੱਤਾ ਹੁਕਮ
ਪੂਰੀ ਫ਼ੀਸ ਲੈਣ ਮਗਰੋਂ ਕਿਹਾ - ਨਹੀਂ ਬਣ ਸਕਦੀ ਏਅਰ ਹੋਸਟੈੱਸ
ਸਟੇਟ ਕੰਜ਼ਿਊਮਰ ਕਮਿਸ਼ਨ ਨੇ ਏਵੀਏਸ਼ਨ ਇੰਸਟੀਚਿਊਟ ਦੀ ਅਪੀਲ ਕੀਤੀ ਖ਼ਾਰਜ
ਡੇਢ ਲੱਖ ਰੁਪਏ ਫ਼ੀਸ, 20 ਹਜ਼ਾਰ ਰੁਪਏ ਹਰਜਾਨਾ ਤੇ ਮੁਕੱਦਮਾ ਖ਼ਰਚ ਦੇਣ ਦਾ ਦਿੱਤਾ ਹੁਕਮ
ਚੰਡੀਗੜ੍ਹ : ਸਟੇਟ ਕੰਜ਼ਿਊਮਰ ਕਮਿਸ਼ਨ ਨੇ ਸੈਕਟਰ-34 ਸਥਿਤ ਫ੍ਰੈਂਕਫ਼ਿਨ ਇੰਸਟੀਚਿਊਟ ਆਫ਼ ਏਅਰ ਹੋਸਟੈੱਸ ਅਤੇ ਫ੍ਰੈਂਕਫ਼ਿਨ ਏਵੀਏਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ।
ਇੰਸਟੀਚਿਊਟ ਨੇ ਪੂਰੀ ਫ਼ੀਸ ਲੈਣ ਤੋਂ ਬਾਅਦ ਇੱਕ ਲੜਕੀ ਨੂੰ ਏਅਰ ਹੋਸਟੈੱਸ ਦੇ ਕੋਰਸ ਤੋਂ ਬਾਹਰ ਕਰ ਦਿੱਤਾ ਸੀ। ਲੜਕੀ ਦੇ ਹੱਥ 'ਤੇ ਸੜੇ ਦੇ ਨਿਸ਼ਾਨ ਸਨ, ਇਸ ਲਈ ਇੰਸਟੀਚਿਊਟ ਨੇ ਕਿਹਾ ਸੀ ਕਿ ਉਹ ਏਅਰ ਹੋਸਟੈੱਸ ਨਹੀਂ ਬਣ ਸਕਦੀ। ਹੁਣ ਇੰਸਟੀਚਿਊਟ ਨੂੰ 1.54 ਲੱਖ ਰੁਪਏ ਫ਼ੀਸ ਰਿਫੰਡ ਕਰਨੀ ਪਵੇਗੀ ਅਤੇ ਨਾਲ ਹੀ 20 ਹਜ਼ਾਰ ਰੁਪਏ ਹਰਜਾਨਾ ਅਤੇ ਮੁਕੱਦਮਾ ਖ਼ਰਚ ਵੀ ਦੇਣਾ ਪਵੇਗਾ।
ਪੜ੍ਹੋ ਪੂਰੀ ਖ਼ਬਰ : 'ਨੌਕਰੀ ਲਈ ਪੰਜਾਬੀ ਪ੍ਰੀਖਿਆ ਦੀ ਸ਼ਰਤ 'ਤੇ ਕਿਉਂ ਨਾ ਲਗਾਈ ਜਾਵੇ ਰੋਕ?' ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਲੜਕੀ ਨੇ ਇੰਸਟੀਚਿਊਟ ਖ਼ਿਲਾਫ਼ ਜ਼ਿਲ੍ਹਾ ਕੰਜ਼ਿਊਮਰ ਕਮਿਸ਼ਨ ਵਿਚ ਕੇਸ ਕੀਤਾ ਸੀ। ਡਿਸਟ੍ਰਿਕਟ ਕਮਿਸ਼ਨ ਨੇ ਇਸ ਕੇਸ ਵਿਚ ਲੜਕੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਸੀ। ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਇੰਸਟੀਚਿਊਟ ਨੇ ਸਟੇਟ ਕਮਿਸ਼ਨ 'ਚ ਅਪੀਲ ਦਾਖ਼ਲ ਕੀਤੀ ਪਰ ਉਨ੍ਹਾਂ ਦੀ ਇਹ ਅਪੀਲ ਖ਼ਾਰਜ ਹੋ ਗਈ।
ਕਮਿਸ਼ਨ 'ਚ ਸੁਣਵਾਈ ਦੌਰਾਨ ਇੰਸਟੀਚਿਊਟ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਉਨ੍ਹਾਂ ਨਾਲ ਐਗਰੀਮੈਂਟ ਕੀਤਾ ਗਿਆ ਜੋ ਉਸ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਇਸ ਤੋਂ ਪਹਿਲਾਂ ਸਟੂਡੈਂਟਸ ਨੂੰ ਦੱਸਿਆ ਗਿਆ ਸੀ ਕਿ ਏਅਰਲਾਈਨਜ਼ 'ਚ ਕੈਬਿਨ ਕਰੂ ਜੌਬ ਲਈ ਚਿਹਰੇ, ਬਾਂਹਾਂ, ਗਲੇ ਆਦਿ ਵਰਗੇ ਕਿਸੇ ਵੀ ਅੰਗ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੋਣਾ ਚਾਹੀਦਾ।
ਅਜਿਹੇ ਵਿਚ ਸ਼ਿਕਾਇਤਕਰਤਾ ਦਾਖ਼ਲਾ ਲੈਣ ਦੌਰਾਨ ਇਨ੍ਹਾਂ ਗੱਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਸੀ ਪਰ ਇੰਸਟੀਚਿਊਟ ਦੀਆਂ ਇਨ੍ਹਾਂ ਦਲੀਲਾਂ ਨੂੰ ਕਮਿਸ਼ਨ ਨੇ ਨਹੀਂ ਮੰਨਿਆ ਅਤੇ ਉਨ੍ਹਾਂ ਵਲੋਂ ਦਾਇਰ ਕੀਤੀ ਗਈ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ।