ਮਹਤੋ ਵਿਰੁਧ ਕਈ ਮਾਮਲੇ ਦਰਜ ਹਨ ਪਰ ਉਹ ਅਪਰਾਧੀ ਨਹੀਂ : ਬਾਬੂਲਾਲ ਮਰਾਂਡੀ
ਧਨਬਾਦ (ਝਾਰਖੰਡ): ਝਾਰਖੰਡ ਦੇ ਧਨਬਾਦ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਅਤੇ ਬਾਘਮਰਾ ਤੋਂ ਵਿਧਾਇਕ ਧੁਲੂ ਮਹਤੋ ਵਿਰੁਧ ਮਾਰਵਾੜੀ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਅਗਰਵਾਲ ਨੂੰ ਧਮਕੀ ਦੇਣ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਬਰਵਾੜਾ ਥਾਣੇ ਦੇ ਇੰਚਾਰਜ ਸੁਨੀਲ ਕੁਮਾਰ ਰਵੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਗਰਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਧੁਲੂ ਮਹਤੋ ਅਤੇ ਪ੍ਰਿੰਸ ਖਾਨ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 387 (ਜਬਰੀ ਵਸੂਲੀ), 506 (ਅਪਰਾਧਕ ਧਮਕੀ), 109 (ਉਕਸਾਉਣਾ) ਅਤੇ 120 ਬੀ (ਅਪਰਾਧਕ ਸਾਜ਼ਸ਼) ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਭਾਜਪਾ ਦੇ ਸਾਬਕਾ ਆਗੂ ਅਗਰਵਾਲ ਨੇ ਅਪਣੀ ਸ਼ਿਕਾਇਤ ’ਚ ਕਿਹਾ ਕਿ ਕਥਿਤ ਤੌਰ ’ਤੇ ਜਬਰੀ ਵਸੂਲੀ ਕਰਨ ਵਾਲੇ ਖਾਨ ਨੇ ਇਕ ਆਡੀਉ ਕਲਿੱਪ ਰਾਹੀਂ ਉਨ੍ਹਾਂ ਨੂੰ ਮਹਾਤੋ ਦੀ ਉਮੀਦਵਾਰੀ ਦਾ ਵਿਰੋਧ ਨਾ ਕਰਨ ਦੀ ਧਮਕੀ ਦਿਤੀ ਸੀ।
ਐੱਸ.ਐੱਸ.ਪੀ. ਨੂੰ ਲਿਖੀ ਚਿੱਠੀ ’ਚ ਮਾਰਵਾੜੀ ਸੰਮੇਲਨ ਦੇ ਪ੍ਰਧਾਨ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਖਾਨ ਅਤੇ ਉਸ ਦੇ ਸਾਥੀ ਮਹਾਤੋ ਦੇ ਕਹਿਣ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ’ਤੇ ਹਮਲਾ ਕਰ ਸਕਦੇ ਹਨ। ਅਗਰਵਾਲ ਅਤੇ ਜਮਸ਼ੇਦਪੁਰ ਪੂਰਬੀ ਦੇ ਵਿਧਾਇਕ ਸਰਯੂ ਰਾਏ ਨੇ ਸ਼ੁਕਰਵਾਰ ਨੂੰ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਅਤੇ ਧਨਬਾਦ ਲੋਕ ਸਭਾ ਸੀਟ ਲਈ ਮਹਤੋ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਸੀ।
ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮਹਾਤੋ ਨੇ ਧਨਬਾਦ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਖਾਨ ਦੀ ਕਥਿਤ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਥਿਤ ਆਡੀਉ ਕਲਿੱਪ ਉਸ ਨੂੰ ਬਦਨਾਮ ਕਰਨ ਲਈ ਜਾਰੀ ਕੀਤੀ ਗਈ ਸੀ।
ਉਧਰ ਭਾਜਪਾ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਕਿਹਾ ਕਿ ਇਹ ਸੱਚ ਹੈ ਕਿ ਮਹਤੋ ਵਿਰੁਧ ਕਈ ਮਾਮਲੇ ਦਰਜ ਹਨ ਪਰ ਉਹ ‘ਅਪਰਾਧੀ ਨਹੀਂ’ ਹਨ ਅਤੇ ਪਾਰਟੀ ਉਨ੍ਹਾਂ ਨਾਲ ਖੜੀ ਹੈ।