ਉਂਕਾਰ ਸਿੰਘ ਜੰਮੂ ਨੇ ਸਿੱਖ ਕੌਮ ਦਾ ਨਾਮ ਦੁਨੀਆਂ ਭਰ ਵਿਚ ਰੁਸ਼ਨਾਇਆ ਹੈ।
Jammu News: ‘ਛੋਟੀ ਉਮਰੇ ਵੱਡੀਆਂ ਮੱਲਾਂ’ ਇਹ ਕਹਾਵਤ ਜੰਮੂ ਦੇ ਸਿੱਖ ਲੜਕੇ ਉਂਕਾਰ ਸਿੰਘ ’ਤੇ ਪੂਰੀ ਢੁਕਦੀ ਹੈ, ਕਿਉਂਕਿ 12ਵੀਂ ਜਮਾਤ ਦੇ ਇਸ ਵਿਦਿਆਰਥੀ ਨੂੰ ‘ਇਸਰੋ’ ਅਤੇ ‘ਨਾਸਾ’ ਤੋਂ ਨੌਕਰੀ ਦੀ ਪੇਸ਼ਕਸ਼ ਆਈ ਹੈ। ਬਿਨਾ ਸ਼ੱਕ ਉਂਕਾਰ ਸਿੰਘ ਜੰਮੂ ਨੇ ਸਿੱਖ ਕੌਮ ਦਾ ਨਾਮ ਦੁਨੀਆਂ ਭਰ ਵਿਚ ਰੁਸ਼ਨਾਇਆ ਹੈ।
ਸੱਚਖੰਡ ਸੇਵਾ ਸੁਸਾਇਟੀ ਦੇ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਂਕਾਰ ਸਿੰਘ ਨੂੰ ਸਾਲ 2020 ਵਿਚ ਰਾਸ਼ਟਰਪਤੀ ਤੋਂ ਸੁਹਿਰਦ ਲੇਖਕ ਦਾ ਉਸ ਵੇਲੇ ਐਵਾਰਡ ਮਿਲਿਆ, ਜਦ ਉਸ ਨੇ ਛੋਟੀ ਉਮਰ ਵਿਚ ਹੀ ਇਕ ਬਿਹਤਰੀਨ ਪੁਸਤਕ ਲਿਖ ਦਿਤੀ।
ਉਨ੍ਹਾਂ ਦਸਿਆ ਕਿ ਸੱਭ ਤੋਂ ਛੋਟੀ ਉਮਰ ਦਾ ਵਿਗਿਆਨੀ (ਸਾਇੰਸਟਿਸਟ) ਦਾ ਐਵਾਰਡ ਉਸ ਨੂੰ 7 ਸਾਲ ਦੀ ਉਮਰ ਵਿਚ ਹੀ ਉਸ ਸਮੇਂ ਮਿਲਿਆ ਸੀ, ਜਦ ਉਸ ਨੇ ਮਹਿਜ਼ 7 ਸਾਲ ਦੀ ਉਮਰ ਵਿਚ ਹੀ ਇਕ ਵੈੱਬਸਾਈਟ ਤਿਆਰ ਕਰ ਦਿਤੀ ਸੀ। ਉਨ੍ਹਾਂ ਦਸਿਆ ਕਿ ਉਂਕਾਰ ਸਿੰਘ ਨੇ ਸਾਲ 2023 ਵਿਚ ਨੈਨੋ ਟੈਕ ਸੈਟੇਲਾਈਟ ਬਣਾਇਆ ਤਾਂ ਉਸ ਦਾ ਵੀ ਉਂਕਾਰ ਸਿੰਘ ਨੂੰ ਐਵਾਰਡ ਮਿਲਿਆ।
ਹੁਣ ਤਕ ਉਂਕਾਰ ਸਿੰਘ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਦੇਸ਼ ਦੀਆਂ ਨਾਮਵਰ ਹਸਤੀਆਂ ਤੋਂ ਅਨੇਕਾਂ ਐਵਾਰਡ ਮਿਲ ਚੁੱਕੇ ਹਨ ਤੇ ਉਸ ਦੇ ਮਾਤਾ-ਪਿਤਾ ਨੇ ਅਜੇ ਉਂਕਾਰ ਸਿੰਘ ਨੂੰ ਨੌਕਰੀ ਦੀ ਬਜਾਇ ਹੋਰ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ। ਉਂਕਾਰ ਸਿੰਘ ਦੇ ਮਾਤਾ-ਪਿਤਾ ਦਾ ਵੀ ਮੰਨਣਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਜਿੱਥੇ ਸਿੱਖ ਕੌਮ ਦਾ ਨਾਮ ਰੁਸ਼ਨਾਇਆ ਹੈ, ਉਥੇ ਮਾਪਿਆਂ ਦਾ ਨਾਮ ਵੀ ਰੋਸ਼ਨ ਹੋਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੋਣਹਾਰ ਬੇਟੇ ’ਤੇ ਮਾਣ ਮਹਿਸੂਸ ਹੋ ਰਿਹਾ ਹੈ।
(For more Punjabi news apart from Onkar Singh Jammu job offer from 'ISRO' and 'NASA', stay tuned to Rozana Spokesman)